ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ)- ਅਪਣੇ 7 ਮਹੀਨੇ ਦੇ ਕਾਰਜਕਾਲ ਵਿਚ ਕੋਈ ਵੀ ਚੋਣ ਵਾਅਦਾ ਪੂਰਾ ਨਾ ਕਰਨ ਵਾਲੀ ਪੰਜਾਬ ਦੀ ਕੈਪਟਨ ਸਰਕਾਰ ਤਾਂ ਮੱਛਰ ਮਾਰਣ ਵਿਚ ਵੀ ਅਸਫਲ ਹੈ, ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ, ਜੋ ਕਿ ਪੰਜਾਬ ਵਿਚ ਮਹਾਮਾਰੀ ਦਾ ਰੂਪ ਧਾਰ ਚੁੱਕੀ ਡੇਂਗੂ ਦੀ ਸਮਸਿਆ ‘ਤੇ ਸਰਕਾਰ ਨੂੰ ਘੇਰਦਿਆਂ ਟਿੱਪਣੀ ਕਰ ਰਹੇ ਸਨ। ਜੋਸ਼ੀ ਨੇ ਕਿਹਾ ਕਿ ਪੰਜਾਬ ਵਿਚ ਫੈਲੀ ਮਹਾਮਾਰੀ ਦੇ ਲਈ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਜਿੰਮੇਦਾਰ ਹਨ।
ਜੋਸ਼ੀ ਨੇ ਕਿਹਾ ਕਿ ਡੇਂਗੂ ਇਕ ਸ਼ਹਿਰੀ ਬੀਮਾਰੀ ਮੰਨੀ ਜਾਂਦੀ ਹੈ, ਇਸੇ ਕਾਰਨ ਮੋਹਾਲੀ, ਹੁਸ਼ਿਆਰਪੂਰ, ਪਟਿਆਲਾ, ਕਪੂਰਥਲਾ, ਪਠਾਨਕੋਟ, ਲੁਧਿਆਣਾ, ਫਿਰੋਜਪੂਰ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮੋਗਾ, ਜਲੰਧਰ, ਰੋਪੜ, ਗੁਰਦਾਸਪੂਰ, ਬਰਨਾਲਾ, ਨਵਾਂਸ਼ਹਿਰ, ਬਠਿੰਡਾ, ਫਿਰੋਜਪੂਰ, ਫਗਵਾੜਾ, ਅਮ੍ਰਿਤਸਰ, ਫਰੀਦਕੋਟ, ਮੁਕਤਸਰ, ਫਾਜਿਲਕਾ ਆਦਿ ਸਮੇਤ ਪੂਰੇ ਪੰਜਾਬ ਭਰ ਵਿਚ ਡੇਂਗੂ ਮਹਾਮਾਰੀ ਦਾ ਰੂਪ ਧਾਰ ਚੁਕਿਆ ਹੈ। ਡੇਂਗੂ ਰੋਕਣ ਦੇ ਲਈ ਜਿੱਥੇ ਸ਼ਹਿਰਾਂ ਦੀ ਸਫਾਈ ਰੱਖਣ ਅਤੇ ਮੱਛਰਾਂ ਨੂੰ ਮਾਰਣ ਦੇ ਲਈ ਫੋਗਿੰਗ ਕਰਨ ਦੀ ਜਿੰਮੇਦਾਰੀ ਸਥਾਨਕ ਸਰਕਾਰ ਵਿਭਾਗ ਦੀ ਹੈ, ਜਿਸਦੇ ਮੰਤਰੀ ਨਵਜੋਤ ਸਿੰਘ ਸਿੱਧੂ ਹਨ, ਉਥੇ ਹੀ ਦੂਜੇ ਪਾਸੇ ਮੱਛਰਾਂ ਦੀ ਡੈਨਸਿਟੀ ਚੈਕ ਕਰਨਾ, ਹਸਪਤਾਲਾਂ ਵਿਚ ਜਰੂਰਤ ਮੁਤਾਬਿਕ ਤਿਆਰੀ ਰੱਖਣ ਦੀ ਜਿੰਮੇਦਾਰੀ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮੋਹਿੰਦਰ ਦੀ ਬਣਦੀ ਹੈ, ਦੋਵੇਂ ਹੀ ਇਸ ਵਿਚ ਅਸਫਲ ਸਿੱਧੂ ਹੋਏ ਹਨ।
ਸਰਕਾਰ ਦੇ ਸਿਹਤ ਵਿਭਾਗ ਨੂੰ ਆੜੇ ਹੱਥੀ ਲੈਦਿਆਂ ਜੋਸ਼ੀ ਨੇ ਕਿਹਾ ਕਿ ਇਸ ਬੀਮਾਰੀ ਦੀ ਰੋਕਥਾਮ ਦੇ ਲਈ ਬਣਾਏ ਵੇਕਟਰ ਸਰਵਲਾਈਂਸ ਦੀ ਗਾਈਡਲਾਈਨ ਦੀ ਖੁੱਦ ਹੀ ਵਿਭਾਗ ਧੱਜਿਆਂ ਉਡਾਉਂਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦਾ ਕੰਮ ਅਜਿਹੇ ਸੰਭਾਵਿਤ ਜੋਖਿਮ ਵਾਲੇ ਹਲਕਿਆਂ ਵਿਚ ਮੱਛਰਾਂ ਦੀ ਆਬਾਦੀ ਨੂੰ ਟਰੇਕ ਕਰਨਾ, ਉਥੇ ਹੀ ਸ਼ਹਿਰਾਂ, ਮੁਹਲਿਆਂ, ਗਲੀਆਂ ਆਦਿ ਜਿੱਥੇ ਮੱਛਰਾਂ ਦਾ ਲਾਰਵਾ ਹੋਵੇ, ਉਥੇ ਫੋਗਿੰਗ ਅਤੇ ਲੋਕਾਂ ਨੂੰ ਇਸ ਬੀਮਾਰੀ ਦੀ ਰੋਕਥਾਮ ਦੇ ਲਈ ਜਾਗਰੂਕ ਕਰਨਾ ਸੀ।
ਅੰਤ ਵਿਚ ਜੋਸ਼ੀ ਨੇ ਕਿਹਾ ਕਿ ਸਿੱਧੂ ਨੇ ਵਲਰਡ ਹੈਲਥ ਆਰਗੇਨਾਈਜੇਸ਼ਨ (ਵਿਸ਼ਵ ਸਿਹਤ ਸੰਗਠਨ) ਦੀ ਚਿਤਾਵਨੀ ਨੂੰ ਵੀ ਨਜ਼ਰਅੰਦਾਜ ਕਰਕੇ ਸਿਰਫ ਰਾਜਨੀਤਿਕ ਬਦਲਾਖੋਰੀ ਅਤੇ ਪੁਰਾਣੇ ਐਲਾਨਾਂ ਨੂੰ ਰਿਪੀਟ ਕਰਨ ਵਿਚ ਰੁਝੇਵੇਂ ਹਨ।