ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਅੱਜ ਵੀ ਚੱਕਾ-ਜਾਮ
ਸਫਰ ਕਰਨ ਵਾਲਿਆਂ ਨੂੰ ਕਰਨਾ ਪੈ ਰਿਹਾ ਬੇਹੱਦ ਪਰੇਸ਼ਾਨੀ ਦਾ ਸਾਹਮਣਾ
ਬਾਦਲਾਂ ਦੀਆਂ ਬੱਸਾਂ ਦਾ ਚੰਡੀਗੜ੍ਹ ‘ਚ ਦਾਖ਼ਲਾ ਪਹਿਲਾ ਹੀ ਹੈ ਬੰਦ
ਚੰਡੀਗੜ੍ਹ, 17ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਲੋਕਾਂ ਅਤੇ ਖਾਸ ਕਰਕੇ ਮੁਫਤ ਸਫਰ ਕਰਨ ਵਾਲੀਆਂ ਔਰਤਾਂ ਨੂੰ ਜ਼ਿਆਦਾ ਮੁਸ਼ਕਿਲਾਂ ਆਉਂਦੀਆਂ ਹਨ। ਰੋਡਵੇਜ਼ ਯੂਨੀਅਨ ਦੀ ਸੂਬਾ ਸਰਕਾਰ ਨਾਲ 16 ਦਸੰਬਰ ਨੂੰ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਯੂਨੀਅਨ ਦੀ ਹੜਤਾਲ ਅੱਜ ਵੀ ਜਾਰੀ ਹੈ।ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੀਆਂ ਬੱਸਾਂ ਦੇ ਨਾ ਚੱਲਣ ਕਾਰਨ ਕਈ ਜ਼ਿਲ੍ਹਿਆਂ ਦੇ ਲੋਕ ਪ੍ਰੇਸ਼ਾਨ ਹਨ। ਲੋਕ ਪ੍ਰਾਈਵੇਟ ਟੈਕਸੀਆਂ ਅਤੇ ਹੋਰ ਮਹਿੰਗੇ ਸਾਧਨ ਵਰਤਣ ਲਈ ਮਜਬੂਰ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਾਦਲਾਂ ਦੀਆਂ ਬੱਸਾਂ ਅਤੇ ਹੋਰ ਪ੍ਰਾਈਵੇਟ ਬੱਸਾਂ ਦੇ ਚੰਡੀਗੜ੍ਹ ਵਿੱਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਹੀ ਚੱਲ ਰਹੀਆਂ ਹਨ ਪਰ ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਹੜਤਾਲ ਕਰਕੇ ਇਨ੍ਹਾਂ ਬੱਸਾਂ ਦੇ ਪਹੀਏ ਵੀ ਰੁਕ ਗਏ ਹਨ। ਇਸ ਕਾਰਨ ਆਮ ਆਦਮੀ ਦੇ ਨਾਲ-ਨਾਲ ਸੂਬਾ ਸਰਕਾਰ ਲਈ ਵੀ ਮੁਸੀਬਤ ਬਣੀ ਹੋਈ ਹੈ।