ਪੰਜਾਬ ਰਾਜ ਸਭਾ ਦੇ ਉਮੀਦਵਾਰਾਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਨੂੰ ਸਰਟੀਫਿਕੇਟ ਸੌਂਪੇ
ਚੰਡੀਗੜ੍ਹ, 3 ਜੂਨ (ਵਿਸ਼ਵ ਵਾਰਤਾ) : ਰਾਜ ਸਭਾ ਚੋਣ ਪੰਜਾਬ-2022 ਲਈ ‘ਉਮੀਦਵਾਰੀ ਵਾਪਸ ਲੈਣ’ ਦੇ ਆਖਰੀ ਦਿਨ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਨਾ ਲਏ ਜਾਣ ਕਾਰਨ ਰਿਟਰਨਿੰਗ ਅਫਸਰ-ਕਮ-ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਨੇ ਅੱਜ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਨੂੰ ਰਾਜ ਸਭਾ ਮੈਂਬਰ ਵਜੋਂ ਚੁਣੇ ਜਾਣ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ਚੋਣ ਸਰਟੀਫਿਕੇਟ ਸੌਂਪੇ।
ਬਾਅਦ ਵਿੱਚ ਦੋਵੇਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਅਤੇ ਸ੍ਰੀ ਸਾਹਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਚੁਣੇ ਜਾਣ ’ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਉਪਰਲੇ ਸਦਨ ਵਿੱਚ ਪੰਜਾਬੀਆਂ ਦੀ ਅਵਾਜ਼ ਬੁਲੰਦ ਕਰਨਗੇ ਅਤੇ ਪੰਜਾਬ ਰਾਜ ਦੀ ਬਿਹਤਰੀ ਲਈ ਕੰਮ ਕਰਨਗੇ।