ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਨਹਿਰੀ ਪਟਵਾਰੀ ਡਿਊਟੀ ‘ਤੇ ਬਹਾਲ
ਚੰਡੀਗੜ੍ਹ, 25 ਅਗਸਤ(ਵਿਸ਼ਵ ਵਾਰਤਾ):ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਮੇਂ ਸਿਰ ਦਖ਼ਲ ਸਦਕਾ ਲੰਮੇ ਸਮੇਂ ਤੋਂ ਖੱਜਲ-ਖੁਆਰ ਹੋ ਰਹੀ ਫ਼ਰੀਦਕੋਟ ਨਹਿਰੀ ਮੰਡਲ ਅਧੀਨ ਕੰਮ ਕਰਦੀ ਨਹਿਰੀ ਪਟਵਾਰੀ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਨੌਕਰੀ ‘ਤੇ ਬਹਾਲ ਕਰਵਾਇਆ ਗਿਆ।
ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਮਲੇਸ਼ ਕਾਂਤਾ, ਨਹਿਰੀ ਪਟਵਾਰੀ ਵਾਸੀ ਫ਼ਰੀਦਕੋਟ ਵੱਲੋਂ 22 ਜੁਲਾਈ, 2021 ਨੂੰ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਫ਼ਰੀਦਕੋਟ ਨਹਿਰੀ ਮੰਡਲ ਵਿਖੇ ਬਤੌਰ ਰਿਕਾਰਡ ਕੀਪਰ ਕੰਮ ਕਰ ਰਹੀ ਸੀ। ਉਸ ਨੂੰ ਐਫ.ਆਈ.ਆਰ. ਦਰਜ ਕਰਵਾ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਪੁਲਿਸ ਪੜਤਾਲ ਦੌਰਾਨ ਉਹ ਬੇਗੁਨਾਹ ਅਤੇ ਬੇਕਸੂਰ ਸਾਬਤ ਹੋਈ ਪਰ ਇਸ ਦੇ ਬਾਵਜੂਦ ਉਸ ਨੂੰ ਨੌਕਰੀ ‘ਤੇ ਜੁਆਇਨ ਨਹੀਂ ਕਰਵਾਇਆ ਜਾ ਰਿਹਾ। ਚੇਅਰਪਰਸਨ ਨੇ ਦੱਸਿਆ ਕਿ ਇਸ ਮਾਮਲੇ ‘ਤੇ ਤੁੰਰਤ ਕਾਰਵਾਈ ਕਰਦਿਆਂ ਵਿਭਾਗ ਤੋਂ 10 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਸੀ।
ਸ੍ਰੀਮਤੀ ਤੇਜਿੰਦਰ ਕੌਰ ਮੁਤਾਬਕ ਕਮਿਸ਼ਨ ਵੱਲੋਂ ਸ਼ਿਕਾਇਤ ਦੇ ਆਧਾਰ ‘ਤੇ ਮੁੱਖ ਇੰਜੀਨੀਅਰ ਨਹਿਰਾਂ-1, ਜਲ ਸਰੋਤ ਵਿਭਾਗ, ਪੰਜਾਬ ਨੂੰ ਪੱਤਰ ਲਿਖ ਕੇ ਕਿਹਾ ਗਿਆ ਸੀ ਕਿ ਜਦੋਂ ਅਨੁਸੂਚਿਤ ਜਾਤੀ ਦੇ ਕਰਮਚਾਰੀ ਨੂੰ ਕਿਸੇ ਅਜਿਹੇ ਕੇਸ ਵਿੱਚ ਗ਼ਲਤ ਢੰਗ ਨਾਲ ਫਸਾਇਆ ਜਾਂਦਾ ਹੈ, ਜਿਸ ਵਿੱਚ ਉਸ ਨੂੰ ਸਜ਼ਾ ਹੋ ਸਕਦੀ ਹੋਵੇ ਤਾਂ ਗ਼ਲਤ ਤਰੀਕੇ ਨਾਲ ਫਸਾਉਣ ਵਾਲੇ ਵਿਅਕਤੀ ‘ਤੇ ਐਸ.ਸੀ/ਐਸ.ਟੀ. ਐਕਟ ਲਾਗੂ ਹੋ ਸਕਦਾ ਹੈ। ਇਸ ਤਰ੍ਹਾਂ ਵਿਭਾਗ ਵੱਲੋਂ ਕੇਸ ਨੂੰ ਜਾਣਬੁਝ ਕੇ ਲਮਕਾਉਣ ਵਾਲੇ ਅਫ਼ਸਰ ਵਿਰੁੱਧ ਵੀ ਐਸ.ਸੀ/ਐਸ.ਟੀ. ਐਕਟ ਅਧੀਨ ਡਿਊਟੀ ਵਿੱਚ ਲਾਪਰਵਾਹੀ ਦਾ ਦੋਸ਼ ਲਗਾਇਆ ਜਾ ਸਕਦਾ ਹੈ। ਇਸ ਲਈ ਮਾਮਲੇ ਨੂੰ ਉਕਤ ਦੀ ਰੌਸ਼ਨੀ ਵਿੱਚ ਵਿਚਾਰਿਆ ਜਾਵੇ। ਜੇਕਰ ਕੋਈ ਕਾਨੂੰਨੀ ਰਾਇ ਜ਼ਰੂਰੀ ਹੋਵੇ ਤਾਂ ਉਹ ਵੀ ਵਿਸ਼ੇਸ਼ ਅਧਿਕਾਰੀ ਰਾਹੀਂ ਦਸਤੀ ਮੰਗਵਾਈ ਜਾਵੇ ਕਿਉਂਕਿ ਮਾਮਲੇ ਵਿੱਚ ਪਹਿਲਾਂ ਹੀ ਬੇਲੋੜੀ ਦੇਰੀ ਹੋ ਚੁੱਕੀ ਹੈ। ਕਮਿਸ਼ਨ ਵੱਲੋਂ ਇਸ ਕੇਸ ਵਿੱਚ ਯੋਗ ਕਾਰਵਾਈ ਕਰਨ ਉਪਰੰਤ ਮੁਕੰਮਲ ਰਿਪੋਰਟ 25 ਅਗਸਤ, 2021 ਤੋਂ ਪਹਿਲਾਂ-ਪਹਿਲਾਂ ਗਜਟਿਡ ਅਧਿਕਾਰੀ ਰਾਹੀਂ ਨਿੱਜੀ ਪੱਧਰ ‘ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਸਨ।
ਚੇਅਰਪਰਸਨ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ, ਫ਼ਰੀਦਕੋਟ ਨਹਿਰੀ ਮੰਡਲ ਵੱਲੋਂ ਪ੍ਰਾਪਤ ਪੱਤਰ ਵਿੱਚ ਦੱਸਿਆ ਗਿਆ ਕਿ ਇਸ ਮਾਮਲੇ ਵਿੱਚ ਦਫ਼ਤਰ ਐਸ.ਐਸ.ਪੀ. ਫ਼ਰੀਦਕੋਟ ਤੋਂ ਸ਼ਿਕਾਇਤਕਰਤਾ ਦੇ ਮਾਮਲੇ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਲਈ ਜਿਸ ਵਿੱਚ ਨਹਿਰੀ ਪਟਵਾਰੀ ਨੂੰ ਬੇਗੁਨਾਹ ਅਤੇ ਬੇਕਸੂਰ ਪਾਇਆ ਗਿਆ। ਕਾਰਜਕਾਰੀ ਇੰਜੀਨੀਅਰ ਨੇ ਲਿਖਿਆ ਹੈ ਕਿ ਨਹਿਰੀ ਪਟਵਾਰੀ ਸ੍ਰੀਮਤੀ ਕਮਲੇਸ਼ ਕਾਂਤਾ ਨੂੰ 20 ਅਗਸਤ, 2021 ਨੂੰ ਦਫ਼ਤਰ ਵਿਖੇ ਡਿਊਟੀ ‘ਤੇ ਜੁਆਇਨ ਕਰਵਾ ਲਿਆ ਗਿਆ।