ਪੰਜਾਬ ਯੂਥ ਵਿਕਾਸ ਬੋਰਡ 7 ਜਨਵਰੀ ਤੋਂ “ਯੂਥ ਆਫ਼ ਪੰਜਾਬ” ਮੁਹਿੰਮ ਦੀ ਸ਼ੁਰੂਆਤ ਕਰੇਗਾ: ਸੁਖਵਿੰਦਰ ਸਿੰਘ ਬਿੰਦਰਾ
੍ਹ ਕਿਹਾ, ਇਸ ਮੁਹਿੰਮ ਤਹਿਤ ਨੌਜਵਾਨਾਂ ਨੂੰ ਵੰਡੀਆਂ ਜਾਣਗੀਆਂ ਸਪੋਰਟਸ ਕਿੱਟਾਂ
੍ਹ ਲੁਧਿਆਣਾ ਵਿਖੇ 7 ਅਤੇ 28 ਜਨਵਰੀ ਨੂੰ ਕਰਵਾਏ ਜਾਣਗੇ ਦੋ ਸਮਾਗਮ
ਲੁਧਿਆਣਾ, 29 ਦਸੰਬਰ (ਵਿਸ਼ਵ ਵਾਰਤਾ)-ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੋਰਡ ਵੱਲੋਂ ਸੂਬੇ ਵਿੱਚ “ਯੂਥ ਆਫ਼ ਪੰਜਾਬ” ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ।
ਸ੍ਰੀ ਬਿੰਦਰਾ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਨੂੰ ਮੁਫ਼ਤ ਸਪੋਰਟਸ ਕਿੱਟਾਂ ਵੰਡੀਆਂ ਜਾਣਗੀਆਂ। ਹਰੇਕ ਕਿੱਟ ਵਿੱਚ ਿਕਟ, ਵਾਲੀਬਾਲ, ਫੁੱਟਬਾਲ ਤੇ ਹੋਰ ਟੀਮ ਖੇਡਾਂ ਦਾ ਸਾਮਾਨ ਹੋਵੇਗਾ ਅਤੇ ਹਰੇਕ ਕਿੱਟ ਦੀ ਵਰਤੋਂ 70 ਤੋਂ 80 ਨੌਜਵਾਨ ਕਰ ਸਕਣਗੇ।
ਸ੍ਰੀ ਬਿੰਦਰਾ ਨੇ ਅੱਗੇ ਦੱਸਿਆ ਕਿ ਇਹ ਮੁਹਿੰਮ ਅਧਿਕਾਰਤ ਤੌਰ ’ਤੇ 7 ਜਨਵਰੀ, 2020 ਨੂੰ ਲੁਧਿਆਣਾ ਤੋਂ ਸ਼ੁਰੂ ਕੀਤੀ ਜਾਵੇਗੀ, ਜਿੱਥੇ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰੀ ਖੇਤਰਾਂ ਦੇ ਯੂਥ ਕਲੱਬਾਂ ਨੂੰ ਕਿੱਟਾਂ ਵੰਡੀਆਂ ਜਾਣਗੀਆਂ। ਇਸ ਮਗਰੋਂ 28 ਜਨਵਰੀ ਨੂੰ ਇਕ ਹੋਰ ਸਮਾਗਮ ਕਰਵਾਇਆ ਜਾਵੇਗਾ, ਜਿਸ ਦੌਰਾਨ ਲੁਧਿਆਣਾ ਦੇ ਦਿਹਾਤੀ ਖੇਤਰਾਂ ਦੇ ਯੂਥ ਕਲੱਬਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਸਮਾਗਮ ਬੱਚਤ ਭਵਨ, ਲੁਧਿਆਣਾ ਵਿਖੇ ਕਰਵਾਏ ਜਾਣਗੇ।
ਚੇਅਰਮੈਨ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸਮਾਗਮਾਂ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਸੈਂਕੜੇ ਯੂਥ ਕਲੱਬ ਕਵਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਸਬੰਧੀ ਕਈ ਉਦਯੋਗਿਕ ਘਰਾਣਿਆਂ ਜਿਵੇਂ ਕਿ ਹੀਰੋ ਈਕੋਟੈੱਕ, ਏਵਨ ਸਾਈਕਲਜ਼, ਕੰਗਾਰੂ ਇੰਡਸਟਰੀਜ਼, ਹਾਈਵੇਅ ਇੰਡਸਟਰੀਜ਼, ਕੇ.ਜੇ. ਫੌਰਜਿੰਗਜ਼ ਆਦਿ ਵੱਲੋਂ ਪੰਜਾਬ ਯੂਥ ਵਿਕਾਸ ਬੋਰਡ ਨੂੰ ਸਰਗਰਮੀ ਨਾਲ ਸਹਿਯੋਗ ਦਿੱਤਾ ਜਾ ਰਿਹਾ ਹੈ।
ਸ੍ਰੀ ਬਿੰਦਰਾ ਨੇ ਦੱਸਿਆ ਕਿ ਜੇਕਰ ਕਿਸੇ ਯੂਥ ਕਲੱਬ ਨੇ ਖੇਡਾਂ ਦੇ ਖੇਤਰ ਵਿੱਚ ਜਾਂ ਕਿਸੇ ਸਮਾਜ ਭਲਾਈ ਦੇ ਕਾਰਜਾਂ ਲਈ ਜਾਂ ਕੋਵਿਡ ਦੌਰਾਨ ਕੰਮ ਕੀਤਾ ਹੈ ਤਾਂ ਉਹ ਈਮੇਲ ਆਈਡੀ chairmanyouthboardpb@gmail.com ਜਾਂ ਫੋਨ ਨੰਬਰ 95772-00003 ਉਤੇ ਫੋਟੋਆਂ/ਦਸਤਾਵੇਜ਼ਾਂ ਸਮੇਤ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਪਲਾਈ ਕਰਨ ਮਗਰੋਂ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਮੁਫ਼ਤ ਸਪੋਰਟਸ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਖੇਤਰ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਤਰੱਕੀ ਲਈ ਵਚਨਬੱਧ ਹੈ। ਉਨ੍ਹਾਂ ਸੂਬੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਕਿਉਂਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਨੇ ਖੇਡ ਜਗਤ ਨੂੰ ਕਈ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੇ ਹੋਰ ਸਮਾਗਮ ਕਰਵਾਏ ਜਾਣਗੇ।