PUNJAB NEWS: ਪੰਜਾਬ ਮੰਤਰੀ ਮੰਡਲ ਤੇ ਪ੍ਰਸਾਸ਼ਨ ‘ਚ ਜਲਦ ਹੋਣਗੇ ਵੱਡੇ ਫੇਰਬਦਲ ; ਸੂਤਰਾਂ ਦੇ ਹਵਾਲੇ ਨਾਲ ਵੱਡੀ ਜਾਣਕਾਰੀ ਆਈ ਸਾਹਮਣੇ
ਚੰਡੀਗੜ੍ਹ 22ਜੁਲਾਈ (ਵਿਸ਼ਵ ਵਾਰਤਾ): ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਕਾਨੂੰਨ ਵਿਵਸਥਾ ਦੇ ਸੁਧਾਰ, ਨਸ਼ਿਆਂ ਦੀ ਰੋਕਥਾਮ ਅਤੇ ਰਿਸ਼ਵਤਖੋਰੀ ਵਰਗੇ ਮੁੱਦਿਆਂ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕਰ ਰਹੇ ਹਨ। ਇਸੇ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਵਿਚ ਜਲਦ ਹੀ ਪ੍ਰਸਾਸ਼ਨ ਵਿਚ ਵੱਡੇ ਪੱਧਰ ‘ਤੇ ਫੇਰਬਦਲ ਦੇਖਣ ਨੂੰ ਮਿਲ ਸਕਦੇ ਹਨ। ਇਸਦੇ ਨਾਲ ਹੀ ਮੰਤਰੀ ਮੰਡਲ ਵਿਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਥੋਂ ਤੱਕ ਸੰਭਾਵਨਾ ਹੈ ਕਿ ਕੁਝ ਮੰਤਰੀਆਂ ਦੀ ਕੁਰਸੀ ਨੂੰ ਖ਼ਤਰਾ ਵੀ ਹੋ ਸਕਦਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ। ਮੁਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿੱਚੋ ਨਸ਼ਿਆਂ ਅਤੇ ਰਿਸ਼ਵਤਖੋਰੀ ਦੇ ਖਾਤਮੇ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਪੰਜਾਬ ਪੁਲਿਸ ਵੱਲੋ ਵੀ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਰੋਜ਼ਾਨਾ ਹੀ ਨਸ਼ਿਆਂ ਦੇ ਖਿਲਾਫ ਕਰਵਾਈ ਕੀਤੀ ਜਾ ਰਹੀ ਹੈ। ਸੂਬੇ ‘ਚ ਰਿਸ਼ਵਤਖੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਖਿਲਾਫ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ੇ ਦੇ ਮੁਕੰਮਲ ਖਾਤਮੇ ਅਤੇ ਰਿਸ਼ਵਤਖੋਰੀ ਖਿਲਾਫ ਮੁਹਿੰਮ ਲਈ ਪ੍ਰਸਾਸ਼ਨ ‘ਤੇ ਪੂਰੀ ਪਕੜ ਜਰੂਰੀ ਹੈ। ਕਾਰਵਾਈ ਨੂੰ ਹੋਰ ਤੇਜ਼ੀ ਨਾਲ ਕਾਰਜਸ਼ੀਲ ਬਣਾਉਣ ਲਈ ਪੁਲਿਸ ਪ੍ਰਸਾਸ਼ਨ ਤੇ ਸਿਵਲ ਪ੍ਰਸਾਸ਼ਨ ‘ਚ ਵੱਡੇ ਬਦਲਾਅ ਅਤੇ ਫੇਰਬਦਲ ਕੀਤੇ ਜਾ ਰਹੇ ਹਨ। ਅਗਲੇ ਕੁਝ ਦਿਨਾਂ ‘ਚ ਹੀ ਅਫਸਰਾਂ ਦੀਆਂ ਬਦਲੀਆਂ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ। ਇਸਦੇ ਨਾਲ ਹੀ ਪੰਜਾਬ ਮੰਤਰੀ ਮੰਡਲ ‘ਚ ਵੀ ਵਾਧਾ ਕੀਤਾ ਜਾਵੇਗਾ। ਸਾਬਕਾ ਮੰਤਰੀ ਮੀਤ ਹੇਅਰ ਦੇ ਮੰਤਰਾਲੇ ਦੀ ਜਿੰਮੇਵਾਰੀ ਵੀ ਕਿਸੇ ਹੋਰ ਵਿਧਾਇਕ ਨੂੰ ਦਿੱਤੀ ਜਾਵੇਗੀ। ਸੂਤਰਾਂ ਦੇ ਹਵਾਲੇ ਨਾਲ ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਕੁਝ ਮੰਤਰੀਆਂ ਦੇ ਮੰਤਰਾਲੇ ਖੁਸ ਸਕਦੇ ਹਨ। ਲੋਕ ਸਭਾ ਦੇ ਨਤੀਜੇ ਉਮੀਦ ਮੁਤਾਬਕ ਨਾ ਰਹਿਣ ਦਾ ਕਾਰਨ ਕੁਝ ਮੰਤਰੀਆਂ ਵਲੋਂ ਪ੍ਰਚਾਰ ਵੱਲ ਧਿਆਨ ਨਾ ਦਿੱਤੇ ਜਾਣ ਨੂੰ ਵੀ ਮੰਨਿਆ ਜਾ ਰਿਹਾ ਹੈ ਜਿਸਦੀਆਂ ਰਿਪੋਰਟਾਂ ਮੁੱਖ ਮੰਤਰੀ ਕੋਲ ਪਹੁੰਚੀਆਂ ਹਨ। ਖਬਰਾਂ ਨੇ ਕਿ ਅਜਿਹੇ ਮੰਤਰੀਆਂ ਤੋਂ ਕੁਰਸੀ ਲੈ ਕੇ ਮਿਹਨਤੀ ਵਿਧਾਇਕਾਂ ਨੂੰ ਦਿੱਤੀ ਜਾ ਸਕਦੀ ਹੈ। ਜਲੰਧਰ ਪੱਛਮੀ ਜ਼ਿਮਨੀ ਚੋਣਾਂ ‘ਚ ਜੇਤੂ ਰਹੇ ਵਿਧਾਇਕ ਮੋਹਿੰਦਰ ਭਗਤ ਨੂੰ ਵੀ ਕੋਈ ਚੇਅਰਮੈਨਸ਼ਿਪ ਜਾ ਮੰਤਰਾਲਾ ਦੇਣ ਦੀਆਂ ਸੰਭਾਵਨਾਵਾਂ ਹਨ।