ਪੰਜਾਬ ਪੁਲਿਸ ਨੇ 10 ਕਿਲੋਮੀਟਰ ਤੱਕ ਪਿੱਛਾ ਕਰਕੇ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
ਸੀਸੀਟੀਵੀ ਵਿੱਚ ਕੈਦ ਹੋਈ ਘਟਨਾ
ਦੇਖੋ ਵੀਡੀਓ
ਚੰਡੀਗੜ੍ਹ,9 ਅਗਸਤ(ਵਿਸ਼ਵ ਵਾਰਤਾ)- ਪੰਜਾਬ ਦੇ ਫਿਰੋਜ਼ਪੁਰ ਵਿੱਚ ਪੁਲਿਸ ਨੇ ਫਿਲਮੀ ਸਟਾਈਲ ਵਿੱਚ ਦੋ ਨਸ਼ਾ ਤਸਕਰਾਂ ਨੂੰ ਫੜਿਆ ਹੈ। ਪੁਲਿਸ ਨੇ 10 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕੀਤਾ। ਜਾਣਕਾਰੀ ਅਨੁਸਾਰ ਕਾਰ ਵਿੱਚ ਦੋ ਨਸ਼ਾ ਤਸਕਰ ਸਵਾਰ ਸਨ, ਜਿਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਸਾਰਾ ਦ੍ਰਿਸ਼ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ। ਦਰਅਸਲ ਸਿਟੀ ਪੁਲਸ ਸਟੇਸ਼ਨ ਦੀ ਟੀਮ ਨੇ ਫਿਰੋਜ਼ਪੁਰ ਦੇ ਮੇਨ ਬਾਜ਼ਾਰ ਦੇ ਬੰਸੀ ਗੇਟ ਇਲਾਕੇ ‘ਚ ਇਕ ਸਵਿਫਟ ਡਿਜ਼ਾਇਰ ਕਾਰ (ਪੀ.ਬੀ.04ਏ.ਡੀ.8020) ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਨੂੰ ਦੇਖ ਕੇ ਕਾਰ ਸਵਾਰਾਂ ਨੇ ਰਫਤਾਰ ਵਧਾ ਦਿੱਤੀ ਅਤੇ ਬਾਜ਼ਾਰ ਦੇ ਵਿਚਕਾਰੋਂ ਭੱਜਣ ਲੱਗੇ। ਥਾਣਾ ਸਿਟੀ ਦੇ ਐਸਐਚਓ ਮੋਹਿਤ ਧਵਨ ਵੀ ਪੁਲਿਸ ਦੀ ਗੱਡੀ ਲੈ ਕੇ ਉਹਨਾਂ ਦੇ ਪਿੱਛਾ ਕਰਨ ਲੱਗੇ। ਉਨ੍ਹਾਂ ਨੇ ਤਸਕਰਾਂ ਦੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਦੇ ਬਾਵਜੂਦ ਤਸਕਰ ਭੱਜਦੇ ਰਹੇ। ਲਗਭਗ 10 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਉਹਨਾ ਨੂੰ ਕਾਬੂ ਕਰ ਲਿਆ ਗਿਆ। ਇਹਨਾਂ ਤਸਕਰਾਂ ਦੀ ਪਛਾਣ ਗਲੀ ਨਿਹੰਗਾ ਬਗਦਾਦੀ ਗੇਟ ਦਾ ਰਹਿਣ ਵਾਲਾ ਮਾਨ ਸਿੰਘ ਅਤੇ ਬਸਤੀ ਕਿੰਦੇਵਾਲੀ ਦੇ ਰਾਜਬੀਰ ਸਿੰਘ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 307, 353, 186, 279 ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।