ਪੰਜਾਬ ਪੁਲਿਸ ਨੇ ਤਿਆਰ ਕੀਤੀ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਚਾਰਜਸ਼ੀਟ; ਜਲਦ ਅਦਾਲਤ ਵਿੱਚ ਕੀਤੀ ਜਾ ਸਕਦੀ ਹੈ ਦਾਇਰ
ਪੜ੍ਹੋ, ਮਾਸਟਰਮਾਈਂਡ ਲਾਰੈਂਸ ਬਿਸ਼ਨੋੋਈ ਸਮੇਤ ਕਿੰਨੇ ਗੈਂਗਸਟਰਾਂ ਅਤੇ ਸ਼ਾਰਪਸ਼ੂਟਰਾਂ ਨੂੰ ਕੀਤਾ ਗਿਆ ਨਾਮਜ਼ਦ
ਚੰਡੀਗੜ੍ਹ,19 ਅਗਸਤ(ਵਿਸ਼ਵ ਵਾਰਤਾ)-29 ਮਈ ਨੂੰ ਗੈਂਗਸਟਰਾਂ ਵੱਲੋੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕੇਸ ਦੀ ਚਾਰਜਸ਼ੀਟ ਤਿਆਰ ਹੋ ਗਈ ਹੈ। ਪੰਜਾਬ ਪੁਲਿਸ ਜਲਦੀ ਹੀ ਇਸ ਨੂੰ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਇਸ ਚਾਰਜਸ਼ੀਟ ਵਿੱਚ ਪੁਲਿਸ ਨੇ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਅਤੇ ਸ਼ਾਰਪਸ਼ੂਟਰਾਂ ਸਮੇਤ 15 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ 40 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਸਬੂਤ ਵਜੋਂ ਕਈ ਥਾਵਾਂ ਦੀ ਸੀਸੀਟੀਵੀ ਫੁਟੇਜ ਵੀ ਲਗਾਈ ਗਈ ਹੈ। ਦੱਸ ਦਈਏ ਕਿ ਗੈਂਗਸਟਰ ਲਾਰੈਂਸ ਤੋਂ ਇਲਾਵਾ ਜੱਗੂ ਭਗਵਾਨਪੁਰੀਆ, ਮਨਮੋਹਨ ਮੋਹਨਾ, ਸੰਦੀਪ ਕੇਕੜਾ, ਦੀਪਕ ਟੀਨੂੰ, ਸਚਿਨ ਭਿਵਾਨੀ, ਕੇਸ਼ਵ ਸਮੇਤ ਸ਼ਾਰਪ ਸ਼ੂਟਰ ਅੰਕਿਤ ਸੇਰਸਾ, ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਵੀ ਪੁਲਿਸ ਚਾਰਜਸ਼ੀਟ ਵਿੱਚ ਮਾਸਟਰਮਾਈਂਡ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਪੁਲੀਸ ਨੇ ਕਤਲ ਵਾਲੇ ਦਿਨ ਮੂਸੇਵਾਲਾ ਦੇ ਨਾਲ ਕਾਰ ਵਿੱਚ ਸਵਾਰ ਉਸਦੇ ਦੋ ਦੋਸਤਾਂ ਨੂੰ ਵੀ ਗਵਾਹ ਬਣਾਇਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਜਾਂਚ ਵਿੱਚ ਸ਼ਾਮਲ ਪੁਲੀਸ ਅਧਿਕਾਰੀਆਂ, ਪੋਸਟਮਾਰਟਮ ਕਰਨ ਵਾਲੇ ਡਾਕਟਰ, ਫੋਰੈਂਸਿਕ ਟੀਮ ਦੇ ਮੈਂਬਰ ਅਤੇ ਚਸ਼ਮਦੀਦ ਗਵਾਹਾਂ ਦੇ ਨਾਂ ਸ਼ਾਮਲ ਹਨ।
ਪੁਲਿਸ ਨੇ ਚਾਰਜਸ਼ੀਟ ਵਿੱਚ ਸੀਸੀਟੀਵੀ ਫੁਟੇਜ ਅਤੇ ਹਥਿਆਰਾਂ ਨੂੰ ਅਹਿਮ ਸਬੂਤ ਬਣਾਇਆ ਹੈ। ਪੁਲਿਸ ਨੇ ਕੋਰੋਲਾ ਅਤੇ ਬੋਲੈਰੋ ਤੋਂ ਇਲਾਵਾ ਥਾਰ ਦਾ ਪਿੱਛਾ ਕਰਨ ਵਾਲੇ ਮੂਸੇਵਾਲਾ ਦੀ ਫੁਟੇਜ ਇਕੱਠੀ ਕਰ ਲਈ ਹੈ। ਜਿਸ ਵਿਚ ਉਨ੍ਹਾਂ ਹੋਟਲਾਂ ਦੀ ਫੁਟੇਜ ਵੀ ਸ਼ਾਮਲ ਹੈ, ਜਿੱਥੇ ਸ਼ੂਟਰ ਠਹਿਰੇ ਹੋਏ ਸਨ। ਇਸ ਤੋਂ ਇਲਾਵਾ ਮੁਕਾਬਲੇ ‘ਚ ਮਾਰੇ ਗਏ ਰੂਪਾ ਅਤੇ ਮੰਨੂੰ ਦੇ ਹਥਿਆਰਾਂ ਦੀ ਫੋਰੈਂਸਿਕ ਰਿਪੋਰਟ ਅਤੇ ਮੌਕੇ ਤੋਂ ਮਿਲੇ ਕਾਰਤੂਸ ਵੀ ਅਹਿਮ ਸਬੂਤ ਬਣੇ ਹਨ।