ਪੰਜਾਬ ਨੇ 21000 ਕਰੋੜ ਰੁਪਏ ਦੇ ਨਿਵੇਸ਼ ਆਕਰਸ਼ਿਤ ਕੀਤੇ;ਉਦਯੋਗ ਜਗਤ ਵਿੱਚ 90,000 ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਆਸ: ਅਨਮੋਲ ਗਗਨ ਮਾਨ
ਚੰਡੀਗੜ, 6 ਸਤੰਬਰ:ਪੰਜਾਬ ਦੇ ਨਿਵੇਸ਼ ਪ੍ਰੋਤਸਾਹਨ, ਕਿਰਤ,ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਅਗਵਾਈ ਵਿੱਚ ਪੰਜਾਬ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਨੇ ਸੂਬੇ ਵਿੱਚ 21000 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ। ਨਵੇਂ ਉਦਯੋਗਾਂ ਅਤੇ ਸਟਾਰਟਅੱਪਾਂ ਦੀ ਆਮਦ ਨਾਲ ਪੰਜਾਬ ਵਿੱਚ 90,000 ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਆਸ ਹੈ।
ਉਹ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਵੱਲੋਂ ਚੰਡੀਗੜ ਵਿੱਚ ਵਪਾਰ, ਸੈਰ-ਸਪਾਟਾ, ਟੈਕਸੇਸ਼ਨ, ਬਿਜਲੀ ਅਤੇ ਕਿਰਤ ਹੁਲਾਰਾ ਦੇ ਉਦੇਸ਼ ਨਾਲ ‘ਪੰਜਾਬ ਵਿੱਚ ਉਦਯੋਗਿਕ ਵਿਕਾਸ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ‘ਵਿਸ਼ੇ ‘ਤੇ ਕਰਵਾਏ ਇੱਕ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ।
ਮੈਂ ਸਾਰੇ ਉਦਯੋਗਪਤੀਆਂ ਦਾ ਪੰਜਾਬ ਵਿੱਚ ਨਿਵੇਸ਼ ਕਰਨ, ਖਾਸ ਕਰਕੇ ਖੇਤੀ ਅਤੇ ਫੂਡ ਪ੍ਰੋਸੈਸਿੰਗ ਖੇਤਰਾਂ ਵਿੱਚ ਨਿਵੇਸ ਕਰਨ ਅਤੇ ਪੰਜਾਬ ਵਿੱਚ ਨਿਵੇਸ ਦੇ ਮਾਹੌਲ ਨੂੰ ਬਿਹਤਰ ਬਣਾਉਣ ਲਈ ਆਪਣੇ ਸੁਝਾਅ ਦੇਣ ਲਈ ਸੁਆਗਤ ਕਰਦੀ ਹਾਂ।” ਅਨਮੋਲ ਗਗਨ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਵੇਂ ਉਦਯੋਗਾਂ ਅਤੇ ਨਿਵੇਸ਼ਕਾਂ ਨੂੰ ਆਪਣੇ ਕਾਰੋਬਾਰ ਸਥਾਪਤ ਕਰਦੇ ਹੋਏ ਢੁਕਵਾਂ ਤੇ ਸਹਿਜ ਮਾਹੌਲ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਪੰਜਾਬ ਵਿੱਚ ਉਦਯੋਗਿਕ ਮਾਹੌਲ ਦੀ ਮਜਬੂਤੀ ਨੂੰ ਉਜਾਗਰ ਕਰਦੇ ਹੋਏ, ਕੈਬਨਿਟ ਮੰਤਰੀ ਨੇ ਕਿਹਾ ਕਿ ਸੜਕਾਂ, ਰੇਲਵੇ ਅਤੇ ਹਵਾਈ ਮਾਰਗਾਂ ਰਾਹੀਂ ਸੁਖਾਲਾ ਸੰਪਰਕ , ਉਦਯੋਗਿਕ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਅਨੁਕੂਲ ਵਾਤਾਵਰਣ ਪ੍ਰਦਾਨ ਕਰਦਾ ਹੈ। ਪੰਜਾਬ ਸਰਕਾਰ ਨੇ ਵੀ ਪਟੇ ‘ਤੇ ਦਿੱਤੀ ਜਮੀਨ ਦੀ ਉਪਲਬਧਤਾ ਦਾ ਭਰੋਸਾ ਦਿੱਤਾ ਹੈ। ਪਰਕਿਰਿਆ ਨੂੰ ਸਰਲ ਬਣਾਉਣ ਜਿਵੇਂ ਕਿ ਸਿੰਗਲ ਵਿੰਡੋ ਪ੍ਰਣਾਲੀਆਂ ਅਤੇ ਸਮਾਂਬੱਧ ਪ੍ਰੋਤਸਾਹਨ , ਉੱਦਮੀਆਂ ਅਤੇ ਕਾਰਪੋਰੇਟਾਂ ਨੂੰ ਆਕਰਸ਼ਿਤ ਕਰਨ ਲਈ ਬਹੁਤ ਮਹੱਤਵਪੂਰਨ ਹਨ।
ਸੈਸ਼ਨ ਦੌਰਾਨ, ਸੀ.ਆਈ.ਆਈ. ਪੰਜਾਬ ਰਾਜ ਕੌਂਸਲ ਨੇ ਰਾਜ ਲਈ ਨਵੀਂ ਉਦਯੋਗਿਕ ਅਤੇ ਨਿਵੇਸ਼ ਨੀਤੀ -2022 ਬਾਰੇ ਰਾਜ ਸਰਕਾਰ ਨੂੰ ਰਸਮੀ ਤੌਰ ‘ਤੇ ਆਪਣੀਆਂ ਸਿਫਾਰਸ਼ਾਂ ਪੇਸ਼ ਕੀਤੀਆਂ। ਸੈਸ਼ਨ ਦਾ ਮੁੱਖ ਉਦੇਸ਼ ਪੰਜਾਬ ਦੇ ਨਾਮੀ ਉਦਯੋਗਪਤੀਆਂ ਦੇ ਵਿਚਾਰਾਂ ਦੀ ਨੁਮਾਇੰਦਗੀ ਕਰਦੇ ਹੋਏ ਇਹਨਾਂ ਸਿਫਾਰਸ਼ਾਂ ‘ਤੇ ਵਿਚਾਰ ਕਰਨਾ ਸੀ।
ਰਾਜ ਸਭਾ ਮੈਂਬਰ (ਆਪ) ਅਤੇ ਚੇਅਰਮੈਨ, ਸਨ ਫਾਊਂਡੇਸਨ, ਸ੍ਰੀ ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੁਝ ਸੁਝਾਅ ਸਾਂਝੇ ਕੀਤੇ। ਉਨਾਂ ਨੇ ਪਬਲਿਕ-ਪ੍ਰਾਈਵੇਟ-ਪਾਰਟਨਰਸ਼ਿਪ ਮਾਡਲ ਵਿੱਚ ਸੂਬੇ ਵਿੱਚ ਫੋਕਲ ਪੁਆਇੰਟ ਸਥਾਪਤ ਕਰਨ ਦਾ ਸੁਝਾਅ ਦਿੱਤਾ। ਉਨਾਂ ਨੇ ਖੇਤੀ ਨਿਰਯਾਤ ਨੂੰ ਹੁਲਾਰਾ ਦੇਣ ਲਈ ਖੇਤੀ ਮੁੱਲ ਲੜੀ ਨੂੰ ਪ੍ਰਫੁੱਲਿਤ ਕਰਨ ਅਤੇ ਅੰਤਰਰਾਸ਼ਟਰੀ ਬਾਜਾਰਾਂ ਦੀ ਪਛਾਣ ਕਰਨ ਸਬੰਧੀ ਪ੍ਰਸਤਾਵ ਵੀ ਦਿੱਤਾ ।
ਬਿਜਲੀ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਗਵਰਨੈਂਸ ਸੁਧਾਰ ਅਤੇ ਸ਼ਿਕਾਇਤ ਨਿਵਾਰਣ, ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਕਿਹਾ, “ ਜੀ20 ਸੰਮੇਲਨ ਦੇ ਹਿੱਸੇ ਵਜੋਂ, ਸਾਡੇ ਕੋਲ ਸੈਰ-ਸਪਾਟੇ ਨੂੰ ਵਧਾਉਣ ਲਈ ਪੰਜਾਬ ਵਿੱਚ ਅੰਮਿ੍ਰਤਸਰ ਵਰਗੇ ਵਿਰਾਸਤੀ ਸ਼ਹਿਰਾਂ ਨੂੰ ਦਿਖਾਉਣ ਦਾ ਵਧੀਆ ਮੌਕਾ ਹੈ। ਰਾਜ ਵਿੱਚ ਪੰਜਾਬ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਅਤੇ ਸਮੂਹਿਕ ਤੌਰ ‘ਤੇ ਸਾਨੂੰ ਨਿਵੇਸ਼ ਆਕਰਸ਼ਿਤ ਕਰਕੇ ਸੈਰ-ਸਪਾਟਾ ਖੇਤਰ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’
ਉਦਯੋਗ, ਵਣਜ ਅਤੇ ਨਿਵੇਸ਼ ਪ੍ਰਮੋਸ਼ਨ, ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਦਿਲੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਲਈ ਨਵੀਂ ਉਦਯੋਗਿਕ ਨੀਤੀ- 2022 ਦਾ ਖਰੜਾ ਤਿਆਰ ਹੈ ਅਤੇ ਸਮੀਖਿਆ ਲਈ ਉਦਯੋਗਾਂ ਅਤੇ ਸੰਭਾਵੀ ਨਿਵੇਸ਼ਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਉਨਾਂ ਇਸ ਸਬੰਧੀ ਸੁਝਾਵਾਂ ਅਤੇ ਟਿੱਪਣੀਆਂ ਦਾ ਸੁਆਗਤ ਕੀਤਾ।
ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਦੇ ਸੀ.ਈ.ਓ. ਅਤੇ ਕਮਿਸ਼ਨਰ – ਆਬਕਾਰੀ ਅਤੇ ਕਰ, ਪੰਜਾਬ, ਸ੍ਰੀ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਨੀਤੀ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਜਿਸ ਵਿੱਚ ਉਦਯੋਗਾਂ ਲਈ ਉਚਿਤ ਦੇਖਭਾਲ ਵਿਸ਼ੇਸ ਤੌਰ ਤੇ ਦੂਜੇ ਦੇਸ਼ਾਂ ਅਤੇ ਰਾਜਾਂ ਦੇ ਨਿਵੇਸ਼ਕਾਂ ਦਾ ਧਿਆਨ ਰੱਖਿਆ ਜਾਵੇ।
ਸੈਸ਼ਨ ਵਿੱਚ ਹਾਜ਼ਰ ਉਕਤ ਪਤਵੰਤਿਆਂ ਤੋਂ ਇਲਾਵਾ, ਸ੍ਰੀ ਮਨਵੇਸ਼ ਸਿੱਧੂ, ਸਕੱਤਰ
(ਕਿਰਤ), ਸ੍ਰੀ ਅਮਿਤ ਥਾਪਰ, ਚੇਅਰਮੈਨ-ਸੀ.ਆਈ.ਆਈ. ਪੰਜਾਬ ਰਾਜ ਅਤੇ ਪ੍ਰਧਾਨ, ਗੰਗਾ ਐਕਰੋਵੂਲਜ ਲਿਮਟਿਡ, ਸਚਿਤ ਜੈਨ, ਸਾਬਕਾ ਚੇਅਰਮੈਨ, ਸੀ.ਆਈ.ਆਈ. ਉੱਤਰੀ ਖੇਤਰ ਅਤੇ ਉਪ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ, ਵਰਧਮਾਨ ਸਪੈਸ਼ਲ ਸਟੀਲਜ ਅਤੇ ਡਾ: ਪੀ.ਜੇ ਸਿੰਘ, ਵਾਈਸ ਚੇਅਰਮੈਨ, ਸੀ.ਆਈ.ਆਈ. ਪੰਜਾਬ ਰਾਜ ਅਤੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਟਾਇਨਰ ਆਰਥੋਟਿਕਸ ਪ੍ਰਾਈਵੇਟ ਲਿਮਟਿਡ ਵੀ ਹਾਜ਼ਰ ਸਨ।