ਪੰਜਾਬ ਨੂੰ ਜਲਦ ਮਿਲ ਸਕਦਾ ਹੈ ਨਵਾਂ ਡੀਜੀਪੀ!
ਡੀਜੀਪੀ ਵੀ ਕੇ ਭਵਰਾ ਨੇ ਸੈਂਟਰਲ ਡੈਪੂਟੇਸ਼ਨ ਦੀ ਕੀਤੀ ਮੰਗ
ਚੰਡੀਗੜ੍ਹ,30 ਜੂਨ(ਵਿਸ਼ਵ ਵਾਰਤਾ)- ਪੰਜਾਬ ਨੂੰ ਜਲਦ ਹੀ ਨਵਾਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਮਿਲ ਸਕਦਾ ਹੈ। ਜਾਣਕਾਰੀ ਅਨੁਸਾਰ ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰੀ ਡੈਪੂਟੇਸ਼ਨ ‘ਤੇ ਜਾਣ ਦੀ ਤਿਆਰੀ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਵੀ ਲਿਖੀ ਹੈ। ਹਾਲਾਂਕਿ ਇਸ ਸੰਬੰਧੀ ਉਹਨਾਂ ਵੱਲੋਂ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਜਿਕਰ ਕਰਨਾ ਬਣਦਾ ਹੈ ਕਿ ਡੀਜੀਪੀ ਵੀਕੇ ਭਾਵਰਾ ਦੀ ਨਿਯੁਕਤੀ ਪਿਛਲੀ ਕਾਂਗਰਸ ਸਰਕਾਰ ਨੇ ਕੀਤੀ ਸੀ ਅਤੇ ਉਹਨਾਂ ਦੀ ਨਿਯੁਕਤੀ ਯੂਪੀਐਸਸੀ ਵੱਲੋਂ ਪ੍ਰਵਾਨਿਤ ਨਾਵਾਂ ਵਿੱਚੋਂ ਹੀ ਕੀਤੀ ਗਈ ਸੀ। ਪਰ,ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਹੀ ਵਿਰੋਧੀ ਪਾਰਟੀਆਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਦੀਆਂ ਆ ਰਹੀਆਂ ਹਨ। ਇਸ ਦੇ ਨਾਲੀ ਹੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸੱਤਾਧਾਰੀ ਪਾਰਟੀ ਦੀ ਹੋਈ ਹਾਰ ਦਾ ਮੁੱਖ ਕਾਰਨ ਵੀ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਤੋਂ ਬਾਅਦ ਪੰਜਾਬ ਵਿੱਚ ਸੁਰੱਖਿਆ ਦੇ ਮੁੱਦੇ ਦਾ ਸੁਰਖੀਆਂ ਵਿੱਚ ਰਹਿਣਾ ਹੀ ਮੰਨਿਆ ਜਾ ਰਿਹਾ ਹੈ ਅਤੇ ਇਹ ਵੀ ਚਰਚਾ ਹੈ ਕਿ ਡੀਜੀਪੀ ਭਾਵਰਾ ਤੋਂ ਸਰਕਾਰ ਨਾਰਾਜ਼ ਹੈ।
ਜੇਕਰ ਵੀਕੇ ਭਾਵਰਾ ਕੇਂਦਰ ਵਿੱਚ ਚਲੇ ਜਾਂਦੇ ਹਨ ਤਾਂ ਗੌਰਵ ਯਾਦਵ ਨਵੇਂ ਡੀਜੀਪੀ ਬਣ ਸਕਦੇ ਹਨ। ਪਿਛਲੇ ਦਿਨੀਂ ਹੀ ਯਾਦਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਬਣਾਇਆ ਗਿਆ ਹੈ। ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੇ ਮੁਖੀ ਹਰਪ੍ਰੀਤ ਸਿੱਧੂ ਦਾ ਨਾਂ ਵੀ ਇਸ ਦੌੜ ‘ਚ ਸ਼ਾਮਲ ਹੈ। ਇਹ ਦੋਵੇਂ ਅਫਸਰ ਹਾਲ ਹੀ ਵਿੱਚ ਡੀਜੀਪੀ ਦੇ ਅਹੁਦੇ ’ਤੇ ਪਦਉੱਨਤ ਹੋਏ ਹਨ।