ਪੰਜਾਬ ਨਿਵੇਸ਼ ਸੰਮੇਲਨ ਦਾ ਮੋਹਾਲੀ ਵਿਖੇ ਅੱਜ ਹੋਵੇਗਾ ਆਗਾਜ਼
ਅੰਮ੍ਰਿਤਸਰ, 23ਫਰਵਰੀ(ਵਿਸ਼ਵ ਵਾਰਤਾ)-ਅੱਜ ਮੁਹਾਲੀ ਵਿਖੇ ਪੰਜਾਬ ਨਿਵੇਸ਼ ਸੰਮੇਲਨ ਦਾ ਆਗਾਜ਼ ਹੋਵੇਗਾ। ਦੱਸ ਦਈਏ ਕਿ 23 ਤੇ 24 ਫਰਵਰੀ ਨੂੰ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਿਵੇਸ਼ਕਾਂ ਦਾ ਇਹ ਪਹਿਲਾ ਸੰਮੇਲਨ ਹੈ। ਪੰਜਾਬ ਤੋਂ ਉਦਯੋਗਾਂ ਦੇ ਪ੍ਰਵਾਸ ਬਾਰੇ ਵਿਚਾਰ-ਵਟਾਂਦਰੇ ਦੌਰਾਨ, ਮਾਨ ਸਰਕਾਰ ਨੇ ਸੰਮੇਲਨ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਵੱਡੇ ਉਦਯੋਗਪਤੀਆਂ ਦੀ ਸ਼ਮੂਲੀਅਤ ਦੀ ਉਮੀਦ ਪ੍ਰਗਟਾਈ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੰਮੇਲਨ ਵਿੱਚ ਪੰਜਾਬ ਨੂੰ ਸਭ ਤੋਂ ਵੱਧ ਪਸੰਦੀਦਾ ਸਥਾਨ ਵਜੋਂ ਪੇਸ਼ ਕਰਨ ਲਈ ਇਸ ਮੌਕੇ ਦੀ ਭਰਪੂਰ ਵਰਤੋਂ ਕਰਨ। ਮੁੱਖ ਮੰਤਰੀ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੌਜੂਦਾ ਸਿਆਸੀ ਸਥਿਰਤਾ ਦੇ ਦੌਰ ਅਤੇ ਤੇਜ਼ ਗਤੀ ਨਾਲ ਫੈਸਲੇ ਲੈਣ ਦੇ ਢਾਂਚੇ ਦੇ ਨਾਲ-ਨਾਲ ਲੀਕ ਤੋਂ ਹਟਵੇਂ ਵਿਚਾਰਾਂ ਨਾਲ ਪੰਜਾਬ ਛੇਤੀ ਹੀ ਦੇਸ਼ ਭਰ ਵਿੱਚੋਂ ਮੋਹਰੀ ਸਨਅਤੀ ਸੂਬਾ ਬਣ ਕੇ ਉੱਭਰੇਗਾ। 2 ਰੋਜ਼ਾ ਪ੍ਰੋਗਰੈਸਿਵ ਪੰਜਾਬ ਇਨਵੈਸਟਰਸ ਸਮਿਟ ਮੋਹਾਲੀ ਵਿੱਚ ਅੱਜ ਤੋਂ ਇੰਡੀਅਨ ਸਕੂਲ ਆਫ ਬਿਜ਼ਨਸ ਦੇ ਆਡੀਟੋਰੀਅਮ ਵਿੱਚ ਸ਼ੁਰੂ ਹੋਵੇਗਾ। ਇਸ ਵਿੱਚ ਹਿੱਸਾ ਲੈਣ ਲਈ ਭਾਰਤ ਅਤੇ ਵਿਦੇਸ਼ਾਂ ਤੋਂ 3000 ਉੱਦਮੀ ਪਹੁੰਚਣਗੇ। ਨਿਵੇਸ਼ਕਾਂ ਦੀ ਕਾਨਫਰੰਸ ਲਈ ਕਈ ਵੱਡੇ ਉਦਯੋਗਪਤੀ ਮੋਹਾਲੀ ਪਹੁੰਚ ਚੁੱਕੇ ਹਨ। ਸੂਬਾ ਸਰਕਾਰ ਅਨੁਸਾਰ ਹੁਣ ਤੱਕ 38, 175 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ। ਇਨ੍ਹਾਂ ਪ੍ਰਸਤਾਵਾਂ ਦੇ ਲਾਗੂ ਹੋਣ ਨਾਲ ਸੂਬੇ ਵਿੱਚ 2.43 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ।
ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਅਗਵਾਈ ਕਰਦੇ ਹੋਏ ਨਿਵੇਸ਼ਕ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਸੰਮੇਲਨ ‘ਚ ਜਰਮਨੀ, ਜਾਪਾਨ, ਬ੍ਰਿਟੇਨ ਅਤੇ ਸਾਊਦੀ ਅਰਬ ਵਰਗੇ ਕਈ ਦੇਸ਼ਾਂ ਦੇ ਲਗਭਗ 230 ਡੈਲੀਗੇਟ ਹਿੱਸਾ ਲੈਣ ਜਾ ਰਹੇ ਹਨ। ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿਖੇ 23-24 ਫਰਵਰੀ ਨੂੰ ਹੋਣ ਵਾਲੇ ਸੰਮੇਲਨ ਵਿੱਚ 3000 ਤੋਂ ਵੱਧ ਨਿਵੇਸ਼ਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। 9ਸੈਸ਼ਨਾਂ ਦੀ ਨਿਵੇਸ਼ਕ ਮੀਟਿੰਗ ਵਿੱਚ ਯੂਕੇ-ਜਾਪਾਨ ਲਈ ਵਿਸ਼ੇਸ਼ ਸੈਸ਼ਨ ਹੋਣਗੇ।