ਬਸਪਾ ਪੰਜਾਬ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਕਿਸਾਨ ਆਰਡੀਨੈਂਸ ਉਪਰ ਸੜਕਾਂ ਤੇ ਹਮਲਾਵਰ
ਚੰਡੀਗੜ੍ਹ, 15 ਸਤੰਬਰ 2020 (ਵਿਸ਼ਵ ਵਾਰਤਾ )-ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਫਗਵਾੜਾ ਵਿਖੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿੱਚ ਵਿੱਚ ਹੋਏ ਘਪਲੇ ਖਿਲਾਫ, ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਹਿੱਤ ਅਤੇ ਖੇਤੀ ਆਰਡੀਨੈਂਸ ਨੂੰ ਰੱਦ ਕਰਕੇ ਕਿਸਾਨਾਂ ਦੀ ਫਸਲ ਦੀ ਐਮ.ਐਸ.ਪੀ ਦੇ ਹਿੱਤ ਵਿੱਚ ਸੜਕਾਂ ਉਪਰ ਉਤਰਕੇ ਹਮਲਾਵਰ ਰੋਸ ਪ੍ਰਦਰਸ਼ਨ ਕੀਤਾ। ਬਸਪਾ ਵਰਕਰਾਂ ਨੇ ਬੇਮਿਸਾਲ ਇਕੱਠ ਨੂੰ ਕਹਿਰ ਦੀ ਗਰਮੀ ਵਿਚ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਜੇਕਰ ਪਿਛਲੇ 20 ਦਿਨਾਂ ਤੋਂ ਕਾਂਗਰਸ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਾਲੀ ਤਕ ਕੈਬਿਨੇਟ ਚੋਂ ਚਲਦਾ ਨਹੀਂ ਕੀਤਾ ਹੈ ਇਸਦਾ ਸਿੱਧਾ ਮਤਲਬ ਹੈ ਕਿ 64 ਕਰੋੜ ਦੇ ਘਪਲੇ ਦਾ ਹਿੱਸਾ ਪੱਤੀ ਮੁੱਖ ਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਨੂੰ ਪੁੱਜਾ ਹੈ। ਵਿਦਿਆਰਥੀਆ ਨੂੰ ਸੰਬੋਧਨ ਕਰਦਿਆਂ ਸਰਦਾਰ ਗੜ੍ਹੀ ਨੇ ਕਿਹਾ ਹੈ ਕਿ ਜੇਕਰ ਕੋਈ ਸਿਖਿਆ ਸੰਸਥਾ ਵਿਦਿਆਰਥੀਆ ਦੇ ਡਿਗਰੀ ਸਰਟੀਫਿਕੇਟ ਰੋਕਦੀ ਹੈ ਤਾਂ ਉਹਨਾ ਦੀ ਲੜਾਈ ਬਸਪਾ ਪੰਜਾਬ ਲੜੇਗੀ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਐਸ. ਸੀ, ਬੀ. ਸੀ. ਅਤੇ ਘੱਟ ਗਿਣਤੀ ਵਰਗ ਦੇ ਗਰੀਬ ਵਿਦਿਆਰਥੀ ਲਈ ਸੁਨਹਿਰੀ ਮੌਕਾ ਸੀ ਜਿਸਨੂੰ ਕੇਂਦਰ ਦੀ ਅਕਾਲੀ ਭਾਜਪਾ ਤੇ ਸੂਬੇ ਦੀ ਕਾਂਗਰਸ ਸਰਕਾਰ ਨੇ ਕੁਚਲ ਦਿੱਤਾ ਹੈ।
ਖੇਤੀ ਆਰਡੀਨੈਂਸ ਤੇ ਬੋਲਦਿਆਂ ਬਸਪਾ ਸੂਬਾ ਪ੍ਰਧਾਨ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤ ਵਿੱਚ ਇਹ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ ਅਤੇ ਕਿਸਾਨਾਂ ਨੂੰ ਫਸਲ ਦੇ ਐਮ.ਐਸ.ਪੀ ਉਪਰ ਕਾਨੂੰਨੀ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ। ਸ਼ਿਰੋਮਣੀ ਅਕਾਲੀ ਦਲ ਦੇ ਕਿਸਾਨਾਂ ਦੇ ਹਿੱਤ ਵਿੱਚ ਹਰ ਕੁਰਬਾਨੀ ਕਰਨ ਦੇ ਬਿਆਨ ਉੱਪਰ ਤੰਜ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਸਬਦਕੋਸ਼ ਵਿੱਚ ਕੁਰਬਾਨੀ ਨਾਮ ਕੁਰਸੀ ਹੋਣਾ ਹੈ ਜਿਸਦੇ ਲਾਲਚ ਵਿੱਚ ਅਕਾਲੀ ਦੱਲ ਨੇ ਪੰਥ, ਪੰਜਾਬ , ਪੰਜਾਬੀਅਤ ਤੇ ਹੁਣ ਕਿਸਾਨਾਂ ਨੂੰ ਕੇਂਦਰ ਦੀ ਭਗਵਾ ਵਿਚਾਰਧਾਰਾ ਦਾ ਗੁਲਾਮ ਬਣਾ ਦਿੱਤਾ ਹੈ ਜਿਸ ਲਈ ਆਜ਼ਾਦੀ ਦੀ ਜੰਗ ਪੰਜਾਬ ਵਿੱਚ ਬਸਪਾ ਲੜੇਗੀ। ਓਹਨਾ ਦਸਿਆ ਕਿ ਬਸਪਾ ਪੰਜਾਬ ਦੀਆ ਸੜਕਾਂ ਉਪਰ ਅੰਦੋਲਨ ਕਰ ਰਹੀ 18 ਸਤੰਬਰ ਨੂੰ ਹੋਸ਼ਿਆਰਪੁਰ, 21 ਸਤੰਬਰ ਨੂੰ ਅੰਮ੍ਰਿਤਸਰ, 24 ਸਤੰਬਰ ਨੂੰ ਪੂਰੇ ਪੰਜਾਬ ਦੀਆ 117 ਵਿਧਾਨ ਸਭਾ ਪੱਧਰ ਤੇ, 28 ਸਤੰਬਰ ਨੂੰ ਬਠਿੰਡਾ, 29 ਸਤੰਬਰ ਨੂੰ ਪਟਿਆਲਾ ਵਿਖੇ ਖੇਤੀ ਆਰਡੀਨੈਂਸਾਂ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਹੋਏ ਘਪਲੇ ਤਹਿਤ ਕਾਂਗਰਸ ਨੂੰ ਨੰਗਾ ਕਰਨ ਅਤੇ ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਤੱਕ ਅੰਦੋਲਨ ਕਰੇਗੀ।
ਇਸ ਮੌਕੇ ਮੀਤ ਪ੍ਰਧਾਨ ਸ ਹਰਜੀਤ ਸਿੰਘ ਲੌਂਗੀਆਂ, ਡਾ ਨਛੱਤਰ ਪਾਲ ਸੂਬਾ ਜਨ ਸਕੱਤਰ, ਸ੍ਰੀ ਰਮੇਸ਼ ਕੌਲ ਸੂਬਾ ਜਨ ਸਕੱਤਰ ਸ੍ਰੀ ਬਲਵਿੰਦਰ ਕੁਮਾਰ, ਰਾਜਾ ਰਜਿੰਦਰ ਸਿੰਘ ਨਨਹੇੜੀਆ, ਸ਼੍ਰੀ ਪਰਮਜੀਤ ਮੱਲ, ਸ਼੍ਰੀ ਸੁਖਬੀਰ ਸਲਾਰਪੁਰ, ਸ਼੍ਰੀ ਅਜੀਤ ਭੈਣੀ, ਹਰਬੰਸ ਚਣਕੋਆ, ਪ੍ਰਵੀਨ ਬੰਗਾ, ਹਰਭਜਨ ਬਲਾਲੋਂ, ਹਰਨੇਕ ਸਿੰਘ SDO, ਤਰਸੇਮ ਡੋਲਾ, ਰਾਕੇਸ ਕੁਮਾਰ, ਲੇਖਰਾਜ ਜਮਾਲਪੁਰੀ , ਮਾਸਟਰ ਰਾਮ ਪਾਲ, ਅੰਮ੍ਰਿਤ ਭੋਂਸਲੇ, ਵਿਜੈ ਯਾਦਵ, ਜਗਦੀਸ਼ ਸ਼ੇਰਪੁਰੀ, ਮਨੋਹਰ ਜਾਖੁ, ਚਿਰੰਜੀ ਲਾਲ ਕਾਲਾ, ਇੰਜੀਨਅਰ ਮੋਹਿੰਦਰ ਸਿੰਘ, ਮਨੋਹਰ ਲਾਲ ਕਮਾਮ, ਜਸਵੀਰ ਔਲੀਅਪੁਰ, ਨੀਲਮ ਸਹਿਜਲ, ਪੰਮੀ ਰੁੜਕਾ, ਸੁਭਾਸ਼ ਕੌਸਲਰ, ਪੰਮਾ ਭਾਟੀਆ, ਚਿਰੰਜੀ ਲਾਲ ਕਾਲਾ, ਪ੍ਰਦੀਪ ਮੱਲ, ਬਲਵਿੰਦਰ ਬੌਧ, ਆਦਿ ਵਿਸ਼ਾਲ ਗਿਣਤੀ ਵਿਚ ਵਰਕਰ ਹਾਜ਼ਿਰ ਸਨ।