ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਲਦ ਮਿਲ ਸਕਦੀ ਪੰਜਾਬ ਨਾਲ ਸੰਬੰਧਿਤ ਅਹਿਮ ਜ਼ਿੰਮੇਵਾਰੀ
ਚੰਡੀਗੜ੍ਹ, 23 ਫਰਵਰੀ (ਵਿਸ਼ਵ ਵਾਰਤਾ) :- ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਕਈ ਅਹਿਮ ਵੱਡੇ ਫੈਸਲੇ ਲੈਣ ਜਾ ਰਹੀ ਹੈ। ਵਿਸ਼ਵ ਵਾਰਤਾ ਨੂੰ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਨੇ ਜਿੱਥੇ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਜੂਨੀਅਰ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਦੀ ਹਨੇਰੀ ਲਿਆਂਦੀ ਹੋਈ ਹੈ, ਉੱਥੇ ਹੀ ਪੰਜਾਬ ਦੇ ਕਈ ਵੱਡੇ ਲੀਡਰਾਂ ਨੂੰ ਅਹਿਮ ਜਿੰਮੇਵਾਰੀਆਂ ਦੇਣ ਦੀ ਵੀ ਸੂਚਨਾ ਹੈ ਤਾਂ ਜੋ ਪੰਜਾਬ ਵਿੱਚ ਪਾਰਟੀ ਦਾ ਆਧਾਰ ਹੋਰ ਮਜਬੂਤ ਬਣਾਇਆ ਜਾਵੇ।
ਪੰਜਾਬ ਦੇ ਮੌਜੂਦਾ ਹਾਲਾਤਾਂ ਜਿਸ ਵਿੱਚ ਪੰਜਾਬ ਤੇ ਰਾਜ ਕਰ ਚੁੱਕੀਆਂ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਹੀ ਪਤਲੀ ਹੋਈ ਹੋਈ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਉੱਤੇ ਰਾਜ ਕਰ ਰਹੀ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਲੋਕਾਂ ਤੇ ਬਹੁਤ ਚੰਗਾ ਪ੍ਰਭਾਵ ਪਾਉਣ ਵਿੱਚ ਕਾਮਯਾਬ ਨਹੀਂ ਹੋਈ ਲੱਗਦੀ । ਇਸੇ ਸਥਿਤੀ ਦਾ ਫਾਇਦਾ ਉੱਠਾਉਣ ਲਈ ਬੀਜੇਪੀ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਕਾਫ਼ੀ ਪੱਬਾਂ ਭਾਰ ਹੋਈ ਲੱਗਦੀ ਹੈ। ਪੰਜਾਬ ਦੇ ਕਈ ਹੋਰਨਾਂ ਲੀਡਰਾਂ ਨੂੰ ਅਹਿਮ ਜਿੰਮੇਵਾਰੀਆਂ ਮਿਲਣ ਵਾਲਿਆਂ ਵਿੱਚ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਜਿਹਨਾਂ ਬਾਰੇ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੂੰ ਬਹੁਤ ਜਲਦ ਪੰਜਾਬ ਨਾਲ ਹੀ ਸੰਬੰਧਿਤ ਕੋਈ ਵੱਡੀ ਜਿੰਮੇਵਾਰੀ ਮਿਲ ਸਕਦੀ ਹੈ। ”ਵਿਸ਼ਵ ਵਾਰਤਾ” ਨੂੰ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੇ ਹਫਤੇ ਦਿੱਲੀ ਬੁਲਾਇਆ ਗਿਆ ਹੈ।ਇਸ ਦੌਰੇ ਦੌਰਾਨ ਉਹਨਾਂ ਨੂੰ ਦਿੱਤੀ ਜਾਣ ਵਾਲੀ ‘ਅਹਿਮ ਜਿੰਮੇਵਾਰੀ’ ਦੇਣ ਬਾਰੇ ਫੈਸਲਾ ਸੁਣਾਇਆ ਜਾ ਸਕਦਾ ਹੈ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਜਦੋਂ ਤੋਂ ਹੀ ਕੈਪਨਟ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਉਸ ਸਮੇਂ ਤੋਂ ਹੀ ਉਨ੍ਹਾਂ ਨੂੰ ਕੋਈ ਵੱਡੀ ਜਿੰਮੇਵਾਰੀ ਦੇਣ ਦੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਜੋ ਕਿ ਕਾਂਗਰਸ ਵਿੱਚ ਰਹਿੰਦਿਆਂ ਵੀ ਪੰਜਾਬ ਨਾਲ ਸੰਬੰਧਿਤ ਜਿੰਮੇਵਾਰੀ ਨਿਭਾਉਣ ਤੇ ਹੀ ਪਹਿਰਾ ਦਿੰਦੇ ਰਹੇ ਹਨ ਤੇ ਉਹ ਅੱਜ ਵੀ ਇਸੇ ਗੱਲ ਤੇ ਕਾਇਮ ਰਹਿੰਦੇ ਲੱਗਦੇ ਹਨ, ਕਿਉਂਕਿ ਕੁੱਝ ਦਿਨ ਪਹਿਲਾਂ ਹੀ ਦੇਸ਼ ਦੇ ਕਈ ਸੂਬਿਆਂ ਦੇ ਰਾਜਪਾਲਾਂ ਸਮੇਂ ਵੀ ਇਹ ਜੋਰਦਾਰ ਚਰਚਾ ਚੱਲੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਗਵਰਨਰ ਬਣਾਇਆ ਜਾ ਸਕਦਾ ਹੈ ਪਰ, ਮਿਲੀ ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਿੰਮਵਾਰਾ ਨਿਭਾਉਣ ਤੋਂ ਅਸਮਰਥਤਾ ਪ੍ਰਗਟਾਈ ਸੀ, ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਬਿਆਨ ਦੇ ਕੇ ਸਪਸ਼ਟ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਜੋ ਵੀ ਡਿਊਟੀ ਲਾਉਣ ਉਹ ਹੱਸ ਕੇ ਨਿਭਾਉਣਗੇ।
ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਲੀਡਰਸ਼ਿਪ ਨੂੰ ਇਹ ਗੱਲ ਸਮਝਾਉਣ ਵਿੱਚ ਕਾਮਯਾਬ ਹੋ ਗਏ ਲੱਗਦੇ ਹਨ ਕਿ ਜੇਕਰ ਉਹਨਾਂ ਨੂੰ ਕੋਈ ਪੰਜਾਬ ਨਾਲ ਸੰਬੰਧਿਤ ਜਿੰਮੇਵਾਰੀ ਦਿੱਤੀ ਜਾਵੇਗੀ ਤਾਂ ਉਹ ਪਾਰਟੀ ਲਈ ਜਿਆਦਾ ਫਾਇਦੇਮੰਦ ਸਾਬਿਤ ਹੋਣਗੇ।
ਇਹਨਾਂ ਸੂਤਰਾਂ ਨੇ ਹੀ ਇਹ ਜਾਣਕਾਰੀ ਦਿੱਤੀ ਹੈ ਕਿ ਬਹੁਤ ਜਲਦ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਨਾਲ ਸੰਬੰਧਿਤ ਅਹਿਮ ਜਿੰਮੇਵਾਰ ਦਾ ਕੇਂਦਰ ਸਰਕਾਰ ਐਲਾਨ ਕਰ ਸਕਦੀ ਹੈ।