ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿੱਚ ਵਿਜੀਲੈਂਸ,ਭੇਜਿਆ ਨੋਟਿਸ
ਚੰਡੀਗੜ੍ਹ 25 ਨਵੰਬਰ(ਵਿਸ਼ਵ ਵਾਰਤਾ)- ਵਿਜੀਲੈਂ ਬਿਓਰੋ ਨੇ ਪੰਜਾਬ ਦੇ ਇੱਕ ਹੋਰ ਸਾਬਕਾ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਹੈ। ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਦੇ ਰਾਣੀ ਕਾ ਬਾਗ ਸਥਿਤ ਘਰ ਵਿਜੀਲੈਂਸ ਦਾ ਨੋਟਿਸ ਪਹੁੰਚਿਆ ਹੈ। ਜਿਸ ਵਿੱਚ ਉਨ੍ਹਾਂ ਨੂੰ (ਸ਼ਨੀਵਾਰ ਕੱਲ੍ਹ ਨੂੰ ਐਸਐਸਪੀ ਵਿਜੀਲੈਂਸ ਦਫ਼ਤਰ ਕਚਹਿਰੀ ਚੌਕ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕਾਂਗਰਸ ਦੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਪਰ ਉਸ ਵਿਰੁੱਧ ਸ਼ਿਕਾਇਤ ਕੀ ਹੈ, ਇਸ ਬਾਰੇ ਅਜੇ ਖੁੱਲ੍ਹ ਕੇ ਗੱਲ ਨਹੀਂ ਹੋ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਜਾਣਕਾਰੀ ਪੇਸ਼ ਹੋਣ ਤੋਂ ਬਾਅਦ ਹੀ ਦਿੱਤੀ ਜਾ ਸਕਦੀ ਹੈ। ਨੋਟਿਸ ਮਿਲਣ ਤੋਂ ਬਾਅਦ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਹੁੰਦੇ ਹਨ ਜਾਂ ਨਹੀਂ, ਇਹ ਸ਼ਨੀਵਾਰ ਨੂੰ ਹੀ ਸਪੱਸ਼ਟ ਹੋਵੇਗਾ।
ਕਿਆਸ ਲਗਾਏ ਜਾ ਰਹੇ ਹਨ ਕਿ ਸਾਬਕਾ ਉਪ ਮੁੱਖ ਮੰਤਰੀ ਦੇ ਘਰ ਵਿਜੀਲੈਂਸ ਬਿਊਰੋ ਵੱਲੋਂ ਦਿੱਤੇ ਨੋਟਿਸ ਵਿੱਚ ਉਨ੍ਹਾਂ ਨੂੰ ਆਮਦਨ ਸਬੰਧੀ ਜਾਣਕਾਰੀ ਅਤੇ ਵੇਰਵੇ ਪੇਸ਼ ਕਰਨ ਲਈ ਕਿਹਾ ਗਿਆ ਹੈ। ਸਪੱਸ਼ਟ ਹੈ ਕਿ ਇਸ ਦੌਰਾਨ 2017 ਤੋਂ 2022 ਤੱਕ ਦੀ ਆਮਦਨ ਦੀ ਜਾਂਚ ਕੀਤੀ ਜਾ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਵਿਜੀਲੈਂਸ ਵਿਭਾਗ ਨੇ ਇਹ ਨੋਟਿਸ ਸਾਬਕਾ ਉਪ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ।