ਪੰਜਾਬ ਦੇ ਰਾਜਪਾਲ ਵੱਲੋਂ ਬੀ.ਜੇ.ਪੀ. ਦੇ ਵਿਧਾਇਕ ਅਰੁਣ ਨਾਰੰਗ `ਤੇ ਹਮਲੇ ਦੀ ਨਿਖੇਧੀ
ਚੰਡੀਗੜ੍ਹ, 28 ਮਾਰਚ ( ਵਿਸ਼ਵ ਵਾਰਤਾ )-ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਅਤੇ ਕੇਂਦਰੀ ਮੰਤਰੀ ਸ੍ਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿੱਚ ਬੀ.ਜੇ.ਪੀ. ਆਗੂਆਂ ਦੇ ਵਫ਼ਦ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿੱਚ ਕਾਂਗਰਸ ਦੇ ਇਸ਼ਾਰੇ `ਤੇ ਭਾਜਪਾ ਦੇ ਵਰਕਰਾਂ ਅਤੇ ਆਗੂਆਂ ਉੱਤੇ ਗੈਰਕਾਨੂੰਨੀ ਅਤੇ ਗੈਰ ਸੰਵਿਧਾਨਕ ਢੰਗ ਨਾਲ ਵੱਧ ਰਹੇ ਹਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ।
ਵਫ਼ਦ ਨੇ ਰਾਜਪਾਲ ਦੇ ਧਿਆਨ ਵਿਚ ਲਿਆਂਦਾ ਕਿ ਭਾਜਪਾ ਵਿਧਾਇਕ ਸ੍ਰੀ ਅਰੁਣ ਨਾਰੰਗ `ਤੇ ਹੋਇਆ ਹਿੰਸਕ ਹਮਲਾ ਸੱਤਾਧਾਰੀ ਪਾਰਟੀ ਦੀ ਸ਼ਹਿ ਪ੍ਰਾਪਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਜੋ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਸੀ। ਵਫ਼ਦ ਨੇ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਅਤੇ ਰਾਜ ਵਿਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ।
ਰਾਜਪਾਲ ਨੇ ਮੁੱਖ ਮੰਤਰੀ, ਜੋ ਗ੍ਰਹਿ ਮੰਤਰੀ ਵੀ ਹਨ, ਨਾਲ ਗੱਲ ਕੀਤੀ ਅਤੇ ਇਸ ਮਾਮਲੇ ‘ਤੇ ਆਪਣੀ ਗੰਭੀਰ ਚਿੰਤਾ ਜ਼ਾਹਰ ਕੀਤੀ।
ਰਾਜਪਾਲ ਨੇ ਭਾਜਪਾ ਦੇ ਵਿਧਾਇਕ ਸ੍ਰੀ ਅਰੁਣ ਨਾਰੰਗ `ਤੇ ਹੋਏ ਤਾਜ਼ਾ ਹਮਲੇ ਦੀ ਨਿੰਦਾ ਕੀਤੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਅਥਾਰਟੀਆਂ ਕਿਸੇ ਉੱਤੇ ਵੀ ਇਸ ਤਰ੍ਹਾਂ ਦੇ ਗੈਰਕਾਨੂੰਨੀ ਅਤੇ ਹਿੰਸਕ ਹਮਲਿਆਂ ਦੀ ਆਗਿਆ ਨਹੀਂ ਦੇ ਸਕਦੀਆਂ। ਰਾਜਪਾਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਇਨ੍ਹਾਂ ਮਾਮਲਿਆਂ ਵਿੱਚ ਕੀਤੀ ਜਾ ਰਹੀ ਕਾਰਵਾਈ ਸਬੰਧੀ ਰਿਪੋਰਟ ਵੀ ਮੰਗੀ।