ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ
ਚੰਡੀਗੜ, 8 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਉਤੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਇਸ ਪਵਿੱਤਰ ਮੌਕੇ ਜਾਰੀ ਇੱਕ ਸੰਦੇਸ਼ ਵਿੱਚ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਗੁਰੂ ਜੀ ਨੇ ਮਨੁੱਖਤਾ ਦੀ ਏਕਤਾ, ਮਨੁੱਖੀ ਭਾਈਚਾਰਾ, ਆਪਸੀ ਪਿਆਰ, ਸਮਾਜਿਕ ਬਰਾਬਰੀ ਅਤੇ ਭਾਈਚਾਰਕ ਸਾਂਝ ਲਈ ਪ੍ਰੇਰਿਆ। ਰਾਜਪਾਲ ਨੇ ਕਿਹਾ ਕਿ ਉਨ੍ਹਾਂ ਦੇ ਮਹਾਨ ਉਦੇਸ਼ ਨੂੰ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੀ ਵੱਡੀ ਜ਼ਿੰਮੇਵਾਰੀ ਹੈ। ਪੰਜਾਬ ਦੇ ਰਾਜਪਾਲ ਨੇ ਅੱਗੇ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਹਰ ਸਮੇਂ ਖਾਸ ਕਰਕੇ ਅਜੋਕੇ ਜਟਿੱਲ ਅਤੇ ਭੌਤਿਕਵਾਦੀ ਸੰਸਾਰ ਵਿੱਚ ਬਹੁਤ ਮਹੱਤਤਾ ਰੱਖਦੀਆਂ ਹਨ ਅਤੇ ਇੱਕ ਸ਼ਾਂਤਮਈ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਉਨਾਂ ਦੀਆਂ ਸਿਖਿਆਵਾਂ ’ਤੇ ਸੱਚੀ ਭਾਵਨਾ ਨਾਲ ਚੱਲਣ ਦੀ ਅਪੀਲ ਕੀਤੀ।
“ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ” ਭਾਵ ਹਵਾ ਗੁਰੂ ਹੈ, ਪਾਣੀ ਪਿਤਾ ਹੈ, ਅਤੇ ਧਰਤੀ ਸਭ ਦੀ ਮਾਂ ਹੈ, ਦੇ ਸਲੋਕ ਨੂੰ ਯਾਦ ਕਰਵਾਉਂਦੇ ਹੋਏ ਰਾਜਪਾਲ ਨੇ ਕੁਦਰਤੀ ਸਰੋਤਾਂ ਦੀ ਰੱਖਿਆ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਬਰਕਰਾਰ ਰੱਖਣ ਦੀ ਜ਼ੋਰਦਾਰ ਅਪੀਲ ਕੀਤੀ।
ਸੰਧਵਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਫ਼ਲਸਫ਼ੇ ਰਾਹੀਂ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦਾ ਸੰਦੇਸ਼ ਦਿੱਤਾ। ਉਨਾਂ ਨੇ ਪ੍ਰਮਾਤਮਾ ਪ੍ਰਤੀ ਸ਼ਰਧਾ, ਪ੍ਰੇਮ, ਪਿਆਰ ਅਤੇ ਆਪਸੀ ਭਾਈਚਾਰੇ ਨਾਲ ਰਹਿਣ ਦੀਆਂ ਸਿੱਖਿਆਵਾਂ ਦਿੱਤੀਆਂ ਅਤੇਂ ਮਨੁੱਖਤਾ ਨੂੰ ਮੁਕਤੀ ਦਾ ਮਾਰਗ ਦਿਖਾਇਆ।
ਸੰਧਵਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸੇਵਾ ਅਤੇ ਨਿਮਰਤਾ ਦੇ ਦਿਖਾਏ ਮਾਰਗ ਉਤੇ ਚੱਲਣ ਅਤੇ ਸ਼ਾਂਤਮਈ ਅਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਉਨਾਂ ਦੀਆਂ ਸਿਖਿਆਵਾਂ ’ਤੇ ਚੱਲ ਦਾ ਸੱਦਾ ਦਿੱਤਾ। ਉਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਾਤ, ਰੰਗ, ਨਸਲ ਤੋਂ ਉਪਰ ਉਠ ਕੇ ਆਪਸੀ ਭਾਈਚਾਰੇ, ਮਿਲਵਰਤਨ ਅਤੇ ਭਾਵਨਾ ਨਾਲ ਮਨਾਉਣ ਦੀ ਲੋਕਾ ਨੂੰ ਅਪੀਲ ਕੀਤੀ।