– ਪੰਜਾਬ ਦੇ ਦਸ ਹਜ਼ਾਰ ਨੌਜਵਾਨਾਂ ਨੂੰ ਦੱਖਣੀ ਕੋਰੀਆ ਵਿਚ ਹਰ ਸਾਲ ਰੋਜ਼ਗਾਰ ਦੇਣ ਦਾ ਪ੍ਰਸਤਾਵ
ਚੰਡੀਗੜ੍ਹ, 11 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਕਰਕੇ ਦੇਸ਼ ਅਤੇ ਵਿਦੇਸ਼ ਵਿਚ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਦੱਖਣੀ ਕੋਰੀਆ ਦੇ ਇੱਕ ਵਫਦ ਵਲੋਂ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨਾਲ ਮੁਲਾਕਤ ਕੀਤੀ ਗਈ। ਇਸ ਵਫਦ ਵਿਚ ਦੱਖਣੀ ਕੋਰੀਆ ਤੋਂ ਦੈਓਰਾ ਟਰੇਡਿੰਗ ਕੰਪਨੀ ਦੇ ਪ੍ਰਧਾਨ ਸੀਓਅੰਗ ਜੀ ਕਿੰਮ ਅਤੇ ਬਾਇਓਟਰੈਕ ਇੰਟਰਨੈਸ਼ਨਲ ਦੇ ਸੀ.ਈ.ਓ ਹੀ. ਸੀਉਂਗ ਕਾਂਗ ਸ਼ਾਮਿਲ ਸਨ।
ਮੀਟਿੰਗ ਉਪਰੰਤ ਸ. ਚੰਨੀ ਨੇ ਦੱਸਿਆ ਕਿ ਦੱਖਣੀ ਕੋਰੀਆ ਤੋਂ ਆਏ ਵਫਦ ਨੇ ਪ੍ਰਸਤਾਵ ਪੇਸ਼ ਕੀਤਾ ਹੈ, ਉਹ ਪੰਜਾਬ ਦੇ ਦਸ ਹਜ਼ਾਰ ਨੌਜਵਾਨਾਂ ਨੂੰ ਹਰ ਸਾਲ ਦੱਖਣੀ ਕੋਰੀਆ ਵਿਚ ਰੁਜ਼ਗਾਰ ਮੁਹੱਈਆ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਵਫਦ ਦੇ ਮੈਬਰਾਂ ਵਲੋਂ ਪੇਸਕਸ਼ ਕੀਤੀ ਗਈ ਹੈ ਕਿ ਉਨ੍ਹਾਂ ਵਲੋਂ ਪੰਜਾਬ ਵਿਚ ਕੋਰੀਆਈ ਭਾਸ਼ਾ ਸਿਖਾਉਣ ਲਈ ਕੇਂਦਰ ਖੋਲਿਆ ਜਾਵੇਗਾ।ਉਨ੍ਹਾਂ ਨਾਲ ਹੀ ਦੱਸਿਆ ਕਿ ਦੱਖਣੀ ਕੋਰੀਆ ਦੀ ਅੰਬੈਸੀ ਵਲੋਂ ਲਏ ਜਾਂਦੇ ਲੈਵਲ-1 ਟੈਸਟ ਨੂੰ ਪਾਸ ਕਰਨ ਵਾਲੇ ਨੌਜਵਾਨਾਂ ਨੂੰ ਦੱਖਣੀ ਕੋਰੀਆ ਦਾ ਤਿੰਨ ਸਾਲ ਦਾ ਵਰਕ ਵੀਜ਼ਾ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਦੱਸਿਆ ਕਿ ਅੰਬੈਸੀ ਵਲੋਂ ਇਹ ਟੈਸਟ ਸਾਲ ਵਿਚ ਦੋ ਵਾਰ ਲਿਆ ਜਾਂਦਾ ਹੈ।
ਸ.ਚੰਨੀ ਨੇ ਦੱਸਿਆ ਕਿ ਇਸ ਪ੍ਰਸਤਾਵ ਨੂੰ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਵਿਸਥਾਰ ਨਾਲ ਵਿਚਾਰਿਆ ਗਿਆ ਅਤੇ ਜਲਦ ਹੀ ਇਸ ਸਬੰਧੀ ਪੰਜਾਬ ਸਰਕਾਰ ਵਲੋਂ ਸਮਝੌਤਾ ਸਹੀਬੱਧ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਸ. ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਦੇਸ਼ ਵਿਚ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਉਣ ਦੇ ਮਕਸਦ ਨਾਲ ਵਿਦੇਸ਼ੀ ਕੰਪਨੀਆਂ ਨਾਲ ਵੀ ਸਮਝੌਤੇ ਸਹੀਬੱਧ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਮਕਸਦ ਦੇ ਤਹਿਤ ਸੂਬੇ ਵਿਚ ਵਿਦੇਸ਼ੀ ਕੰਪਨੀਆਂ ਵਲੋਂ ਵੀ ਹੁਨਰ ਵਿਕਾਸ ਕੇਂਦਰ ਸਥਾਪਿਤ ਕਰਨ ਲਈ ਸਮਝੋਤੇ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਐਮ.ਪੀ ਸਿੰਘ ਵਧੀਕ ਮੁੱਖ ਸਕੱਤਰ, ਸ੍ਰੀ ਪ੍ਰਵੀਨ ਥਿੰਦ ਡਾਇਰੈਕਟਰ ਤਕਨੀਕੀ ਸਿੱਖਿਆ, ਸ੍ਰੀ ਸੁਖਵਿੰਦਰ ਸਿੰਘ ਜੀ.ਐਮ ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਬਾਇਓਟਰੈਕ ਇੰਟਰਨੈਸ਼ਨਲ ਦੇ ਪ੍ਰੋਪਰਾਈਟਰ ਵਿਨੋਦ ਮਨਚੰਦਾ ਵੀ ਸ਼ਾਮਿਲ ਸਨ।