ਪੰਜਾਬ ਦੇ ਖਿਡਾਰੀਆਂ ਨੂੰ ਵੱਡੀ ਰਾਹਤ: ਹੁਣ ਸਕੂਲੀ ਰਿਕਾਰਡ ਹੋਵੇਗਾ ਉਮਰ ਦਾ ਸਬੂਤ, ਸਰਕਾਰ ਨੇ ਖਤਮ ਕੀਤੀ ਜਨਮ ਸਰਟੀਫਿਕੇਟ ਦੀ ਸ਼ਰਤ
ਚੰਡੀਗੜ੍ਹ 15 ਨਵੰਬਰ(ਵਿਸ਼ਵ ਵਾਰਤਾ)- ਪ ਪੰਜਾਬ ਦੇ ਖਿਡਾਰੀਆਂ ਦਾ ਉਮਰ ਸਰਟੀਫਿਕੇਟ ਹੁਣ ਸਕੂਲ ਦਾ ਰਿਕਾਰਡ ਹੋਵੇਗਾ। ਸੂਬਾ ਸਰਕਾਰ ਨੇ ਖਿਡਾਰੀਆਂ ਦੀ ਸਹੀ ਉਮਰ ਨੂੰ ਲੈ ਕੇ ਉੱਠਣ ਵਾਲੇ ਵਿਵਾਦਾਂ ਨੂੰ ਖਤਮ ਕਰਨ ਲਈ ਜਨਮ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਹੁਣ ਖਿਡਾਰੀ ਦੀ ਸਹੀ ਉਮਰ ਸਕੂਲ ਦੇ ਰਿਕਾਰਡ ਦੇ ਆਧਾਰ ‘ਤੇ ਜਾਇਜ਼ ਹੋਵੇਗੀ। ਜਿਕਰਯੋਗ ਹੈ ਕਿ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਖਿਡਾਰੀਆਂ ਦੀ ਉਮਰ ਨੂੰ ਲੈ ਕੇ ਕਈ ਵਿਵਾਦ ਹੋਏ ਹਨ। ਇਨ੍ਹਾਂ ਵਿਵਾਦਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਘੱਟ ਉਮਰ ਵਰਗ ਵਿੱਚ ਖੇਡਣ ਵਾਲੇ ਪੁਰਾਣੇ ਖਿਡਾਰੀਆਂ ਨੂੰ ਲੈ ਕੇ ਅਕਸਰ ਵਿਵਾਦ ਸਾਹਮਣੇ ਆਉਂਦੇ ਰਹੇ ਹਨ ਅਤੇ ਨਾਲ ਹੀ ਖਿਡਾਰੀਆਂ ਵੱਲੋਂ ਆਪਣੀ ਅਸਲ ਉਮਰ ਲੁਕਾ ਕੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਅਜਿਹੇ ਝਗੜੇ ਜ਼ਿਆਦਾਤਰ ਅੰਡਰ-16 ਅਤੇ ਅੰਡਰ-19 ਉਮਰ ਵਰਗਾਂ ‘ਚ ਦੇਖਣ ਨੂੰ ਮਿਲੇ ਹਨ ਪਰ ਹੁਣ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਖੇਡ ਮੁਕਾਬਲਿਆਂ ‘ਚ ਉਮਰ ਨਾਲ ਸਬੰਧਤ ਹਰ ਤਰ੍ਹਾਂ ਦੇ ਝਗੜਿਆਂ ਦਾ ਨਿਪਟਾਰਾ ਕਰਨ ਲਈ ਖਿਡਾਰੀਆਂ ਦੀ ਉਮਰ ਸਕੂਲੀ ਰਿਕਾਰਡ ਦੇ ਆਧਾਰ ‘ਤੇ ਹੀ ਜਾਇਜ਼ ਹੋਵੇਗੀ |