ਪੰਜਾਬ ਦੀ ਨੌਜਵਾਨੀ ਨੂੰ ਸਹੀ ਦਿਸ਼ਾ ਦੇਣ ਲਈ ਖੇਡ ਸੱਭਿਆਚਾਰ ਕੀਤਾ ਜਾਵੇਗਾ ਪ੍ਰਫੁੱਲਿਤ: ਗੁਰਮੀਤ ਸਿੰਘ ਮੀਤ ਹੇਅਰ
—ਕੈਬਨਿਟ ਮੰਤਰੀ ਵੱਲੋਂ ਝਲੂਰ ਵਿਖੇ 66 ਕੇ ਵੀ ਗਰਿੱਡ ਸਬ ਸਟੇਸ਼ਨ ਲੋਕਾਂ ਨੂੰ ਸਮਰਪਿਤ
—ਖੇਡ ਮੰਤਰੀ ਨੇ ਕਿਹਾ, ਆਉਦੇ 2 ਸਾਲਾਂ ’ਚ ਹਰ ਪਿੰਡ ’ਚ ਖੇਡ ਮੈਦਾਨ ਬਣਾਉਣ ਦਾ ਟੀਚਾ
ਬਰਨਾਲਾ, 12 ਜੁਲਾਈ (ਵਿਸ਼ਵ ਵਾਰਤਾ) ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ ਤੋਂ ਚਹੁੰਪੱਖੀ ਖੁਸ਼ਹਾਲੀ ਦੀ ਲੀਹ ’ਤੇ ਤੋਰਨ ਲਈ ਲਗਾਤਾਰ ਕਦਮ ਪੁੱਟੇ ਜਾ ਰਹੇ ਹਨ। ਇਸ ਵਾਸਤੇ ਪੰਜਾਬ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪਿੰਡ ਝਲੂਰ ਵਿਖੇ 66 ਕੇ ਵੀ ਬਿਜਲੀ ਗਰਿੱਡ ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਸਵਾਮੀ ਅੰਮਿ੍ਰਤਾ ਨੰਦ ਜੀ ਤੇ ਸਵਾਮੀ ਅਨੰਤਾ ਨੰਦ ਜੀ (ਰਾਮ ਜੀ) ਝਲੂਰ ਧਾਮ ਵਾਲੇ, ਮਹੰਤ ਪਿਆਰਾ ਸਿੰਘ ਵੀ ਉਨਾਂ ਨਾਲ ਮੌਜੂਦ ਸਨ।
ਇਸ ਮੌਕੇ ਖੇਡਾਂ ਤੇ ਉਚੇਰੀ ਸਿੱਖਿਆ ਮੰਤਰੀ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਉਨਾਂ ਦਾ ਟੀਚਾ ਹੈ ਕਿ ਆਉਦੇ 2 ਸਾਲਾਂ ਅੰਦਰ ਪੰਜਾਬ ਦੇ ਹਰ ਪਿੰਡ ਨੂੰ ਖੇਡ ਦੇ ਮੈਦਾਨ ਮੁਹੱਈਆ ਕਰਾਏ ਜਾ ਸਕਣ ਤਾਂ ਜੋ ਸੂਬੇ ਦੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਇਸ ਨਾਲ ਜਿੱਥੇ ਸੂਬੇ ਦਾ ਨਾਮ ਵਿਸ਼ਵ ਪੱਧਰ ’ਤੇ ਖੇਡਾਂ ਦੇ ਖੇਤਰ ’ਚ ਰੌਸ਼ਨ ਹੋਵੇਗਾ, ਉਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਸੂਬੇ ਦਾ ਹਰ ਪਿੰਡ ਖੁਸ਼ਹਾਲ ਹੋਵੇ, ਇਸ ਤਹਿਤ ਬਰਨਾਲਾ ਜ਼ਿਲੇ ਦੇ ਪਿੰਡਾਂ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੇ ਭਿ੍ਰਸ਼ਟਾਚਾਰ ਪ੍ਰਤੀ ਸਰਕਾਰ ਵੱਲੋਂ ‘ਜ਼ੀਰੋ ਸਹਿਨਸ਼ੀਲਤਾ’ ਨੀਤੀ ਅਪਣਾਈ ਗਈ ਹੈ।
ਗਰਿੱਡ ਸਬ ਸਟੇਸ਼ਨ ਦੇ ਉਦਘਾਟਨ ਮਗਰੋਂ ਸ. ਮੀਤ ਹੇਅਰ ਨੇ ਦੱਸਿਆ ਕਿ ਤਕਬੀਰਨ 3.68 ਕਰੋੜ ਦੇ ਇਸ ਪ੍ਰਾਜੈਕਟ ਨਾਲ ਆਸ-ਪਾਸ ਦੇ 6 ਪਿੰਡਾਂ ਨੂੰ ਸਿੱਧਾ ਲਾਭ ਹੋਵੇਗਾ ਤੇ ਆਉਦੇ ਸਮੇਂ ਹੋਰਾਂ ਪਿੰਡਾਂ ਨੂੰ ਵੀ ਇਸ ਨਾਲ ਜੋੜਿਆ ਜਾ ਸਕੇਗਾ।
ਇਸ ਮੌਕੇ ਐਕਸੀਅਨ ਪੀਐਸਪੀਸੀਐਲ ਮਨੋਜ ਗਰਗ ਨੇ ਦੱਸਿਆ ਕਿ ਇਹ 66 ਕੇ ਵੀ ਸਮਰੱਥਾ ਦਾ ਪਾਵਰ ਗਰਿੱਡ ਹੈ ਤੇ 12.5 ਮੈਗਾਵਾਟ ਸਮਰੱਥਾ ਦਾ ਟਰਾਂਸਫਾਰਮਰ ਲਾਇਆ ਗਿਆ ਹੈ। ਉਨਾਂ ਦੱਸਿਆ ਕਿ ਪਿੰਡ ਝਲੂਰ ਨੂੰ ਪਹਿਲਾਂ ਰੰਗੀਆਂ ਗਰਿੱਡ ਤੋਂ ਬਿਜਲੀ ਸਪਲਾਈ ਆਉਦੀ ਸੀ ਤੇ ਸਥਾਨਕ ਬਿਜਲੀ ਗਰਿੱਡ ਨਾਲ ਨੇੜਲੇ ਕਈ ਪਿੰਡਾਂ ਨੂੰ ਫਾਇਦਾ ਹੋਵੇਗਾ।