ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਹੜਤਾਲ 9ਵੇਂ ਦਿਨ ਵੀ ਜਾਰੀ
ਆਮ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਮੁਸ਼ਕਿਲਾਂ ਦਾ ਸਾਹਮਣਾ
ਪਨਬੱਸ ਤੇ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਅੱਜ ਮੁੱਖ ਮੰਤਰੀ ਨਾਲ ਹੋਵੇਗੀ ਬੈਠਕ
ਚੰਡੀਗੜ੍ਹ,14 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੀਆਂ ਸਰਕਾਰੀ ਬੱਸਾਂ ਚਲਾਉਣ ਵਾਲੇ ਬੱਸ ਡਰਾਇਵਰ ਅਤੇ ਕਡੰਕਟਰਾਂ ਦੀ ਹੜਤਾਲ ਅੱਜ ਲਗਾਤਾਰ 9ਵੇਂ ਦਿਨ ਵੀ ਜਾਰੀ ਹੈ।ਅੱਜ, ਹੜਤਾਲੀ ਕਰਮਚਾਰੀਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਵੇਗੀ। ਇਸ ਵਿੱਚ ਅੰਤਿਮ ਫੈਸਲਾ ਲਏ ਜਾਣ ਤੋਂ ਬਾਅਦ ਹੜਤਾਲ ਖੁੱਲ ਸਕਦੀ ਹੈ। ਉਂਜ, ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਕੈਪਟਨ ਦਾ ਕੀ ਸਟੈਂਡ ਹੈ, ਇਸ ਦੀ ਉਡੀਕ ਹੈ।
ਇਹ ਸਰਕਾਰ ਨਾਲ ਮੁਲਾਜ਼ਮਾਂ ਦੀ ਆਖਰੀ ਗੱਲਬਾਤ ਹੋਵੇਗੀ। ਜੇਕਰ ਇਸ ਸਬੰਧੀ ਕੋਈ ਠੋਸ ਫੈਸਲਾ ਨਾ ਲਿਆ ਗਿਆ ਤਾਂ ਠੇਕਾ ਕਾਮਿਆਂ ਦੀ ਯੂਨੀਅਨ ਹਾਈਵੇ ਜਾਮ ਕਰ ਸਕਦੀ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਟ੍ਰੈਫਿਕ ਜਾਮ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਸਕਦਾ ਹੈ। ਇਸ ਦੇ ਨਾਲ ਹੀ ਸਰਕਾਰ ਅਤੇ ਕਰਮਚਾਰੀਆਂ ਦਰਮਿਆਨ ਪਹਿਲਾਂ ਹੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਸਰਕਾਰ ਨੇ ਪਹਿਲਾਂ ਹੀ ਉਨ੍ਹਾਂ ਨੂੰ ਨੋਟਿਸ ਭੇਜ ਕੇ ਕੰਮ ਤੇ ਵਾਪਸ ਆਉਣ ਲਈ ਕਹਿ ਕੇ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਮੰਗਲਵਾਰ ਤੋਂ ਹੜਤਾਲ ਨਾ ਖੁੱਲ੍ਹੀ ਤਾਂ ਸਰਕਾਰ ਹੜਤਾਲੀ ਕਰਮਚਾਰੀਆਂ ਨੂੰ ਛੁੱਟੀ ਦੇ ਸਕਦੀ ਹੈ। ਹਾਲਾਂਕਿ, ਯੂਨੀਅਨ ਨੇ ਕਿਹਾ ਹੈ ਕਿ ਉਹ ਅਜਿਹੀ ਕਿਸੇ ਵੀ ਕਾਰਵਾਈ ਤੋਂ ਡਰਨ ਵਾਲੀ ਨਹੀਂ ਹੈ।
ਪੰਜਾਬ ਵਿੱਚ ਪਨਬੱਸ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ 8 ਹਜ਼ਾਰ ਕਰਮਚਾਰੀ ਹੜਤਾਲ ‘ਤੇ ਹਨ। ਜਿਸ ਕਾਰਨ ਲਗਭਗ 2 ਹਜ਼ਾਰ ਸਰਕਾਰੀ ਬੱਸਾਂ ਪੰਜਾਬ ਦੇ 29 ਡਿਪੂਆਂ ‘ਤੇ ਖੜ੍ਹੀਆਂ ਹਨ। ਕਰਮਚਾਰੀਆਂ ਨੇ ਕੈਪਟਨ ਦੇ ਸਿਸਵਾਂ ਫਾਰਮ ਦਾ ਘਿਰਾਓ ਵੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਵੀ ਕੀਤੀ। ਪਰ ਹਜੇ ਤੱਕ ਵੀ ਦੋਨਾਂ ਧਿਰਾਂ ਦਰਮਿਆਨ ਕਿਸੇ ਤਰ੍ਹਾਂ ਦੀ ਸਹਿਮਤੀ ਨਹੀਂ ਬਣੀ ਹੈ।