ਪੰਜਾਬ ਦਾ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ
ਚੰਡੀਗੜ੍ਹ,16ਨਵੰਬਰ(ਵਿਸ਼ਵ ਵਾਰਤਾ)-
ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ , ਲੁਧਿਆਣੇ ਦੇ ਸਰਾਭਾ ਪਿੰਡ ਵਿੱਚ ਸ.ਮੰਗਲ ਸਿੰਘ ਦੇ ਘਰ , ਬੀਬੀ ਸਾਹਿਬ ਕੌਰ ਦੀ ਕੁਖੋਂ ਹੋਇਆ। ਆਪਜੀ ਬਚਪਨ ਤੋਂ ਹੀ ਅਣਥੱਕ ਮਿਹਨਤੀ, ਜੋਸ਼ੀਲੇ, ਤੀਕਸ਼ਣ ਬੁੱਧੀ ਅਤੇ ਦੇਸ਼ ਭਗਤ ਸਨ। ਇਸ ਬਾਗੀ ਜਰਨੈਲ ਨੇ ਗ਼ਦਰ ਲਹਿਰ ‘ਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਤੇ ਸਭ ਤੋਂ ਛੋਟੀ ਉਮਰ ਵਿੱਚ ਫਾਂਸੀ ਦਾ ਰੱਸਾ ਹੱਸ ਕੇ ਚੁੰਮਿਆ। ਸਤਿਕਾਰਯੋਗ ਬਾਬਾ ਸੋਹਣ ਸਿੰਘ ਭਕਨਾ ਜੀ ਪਿਆਰ ਨਾਲ ਕਰਤਾਰ ਸਿੰਘ ਨੂੰ ” ਮੇਰਾ ਜਰਨੈਲ ” ਕਹਿ ਕੇ ਸਨਮਾਨ ਦਿੰਦੇ ਸਨ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਐਨੇ ਕੰਮ ਕਰ ਵਿਖਾਏ ਸੋ ਉਹਨਾਂ ਦੀ ਰਗ-ਰਗ ਵਿੱਚ ਇਨਕਲਾਬ ਦਾ ਜ਼ਜਬਾ ਸਮਾਇਆ ਹੋਇਆ ਸੀ। ਉਹ ਗ਼ਦਰ ਅਖ਼ਬਾਰ ਦੇ ਸਰਗਰਮ ਕਾਰਜਕਰਤਾ ਸਨ। ਇਸ ਮਹਾਨ ਇਨਕਲਾਬੀ ਨੇ ਗ਼ਦਰ ਲਹਿਰ ਅਤੇ ਭਾਰਤ ਮਾਂ ਦੀ ਅਜ਼ਾਦੀ ਲਈ ਜੀਵਨ ਸਮਰਪਿਤ ਕਰ ਦਿੱਤਾ। ਅੰਤ ਬਰਤਾਨਵੀ ਹਕੂਮਤ ਨੇ 15 ਸਾਲ ਦੀ ਉਮਰ ਦੇ ਕ੍ਰਾਂਤੀਕਾਰੀ ਨੂੰ 16 ਨਵੰਬਰ 1915 ਨੂੰ ਫਾਂਸੀ ਲਗਾ ਦਿੱਤੀ ਸੀ। ਮਹਿਕ ਪੰਜਾਬ ਦੀ, ਦੇ ਸਭ ਦੋਸਤਾਂ ਵਲੋਂ ਮਹਾਨ ਸਪੂਤ ਨੂੰ ਕੋਟਿ ਕੋਟਿ ਪ੍ਰਣਾਮ! ਆਓ ਸ਼ਹੀਦ ਸਰਾਭਾ ਦੇ ਪਾਏ ਰਾਹਾਂ ਤੇ ਚੱਲਣ ਦੀ ਕੋਸਿਸ਼ ਕਰੀਏ!!
ਹਿੰਦ ਵਾਸੀਓ
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ ‘ਚੋਂ ਨਾ ਭੁਲਾ ਜਾਣਾ ॥
ਖਾਤਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ,
ਸਾਨੂੰ ਦੇਖ ਕੇ ਨਾ ਘਬਰਾ ਜਾਣਾ ॥
ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ,
ਦਿਲੀਂ ਵਤਨ ਦਾ ਇਸ਼ਕ ਜਗਾ ਜਾਣਾ ॥
ਹਿੰਦ ਵਾਸੀਓ ਚਮਕਣਾ ਚੰਦ ਵਾਂਗੂ,
ਕਿਤੇ ਬੱਦਲਾਂ ਹੇਠ ਨਾ ਆ ਜਾਣਾ ॥
ਕਰਕੇ ਦੇਸ਼ ਦੇ ਨਾਲ ਧਰੋ ਯਾਰੋ,
ਦਾਗ਼ ਕੌਮ ਦੇ ਮੱਥੇ ਨਾ ਲਾ ਜਾਣਾ ॥
ਮੂਲ਼ਾ ਸਿੰਘ ਕਿਰਪਾਲ ਨਵਾਬ ਵਾਂਗੂ,
ਅਮਰ ਸਿੰਘ ਨਾ ਕਿਸੇ ਕਹਾ ਜਾਣਾ ॥
ਜੇਲਾਂ ਹੋਣ ਕਾਲਜ ਵਤਨ ਸੇਵਕਾਂ ਦੇ,
ਦਾਖਲ ਹੋ ਕਿ ਡਿਗਰੀਆਂ ਪਾ ਜਾਣਾ॥
ਹੁੰਦੇ ਫੇਲ ਬਹੁਤੇ ਅਤੇ ਪਾਸ ਥੋੜੇ,
ਵਤਨ ਵਾਸੀਓ ਦਿਲ ਨਾ ਢਾਹ ਜਾਣਾ ॥
ਪਿਆਰੇ ਵੀਰਨੋ ਚੱਲੇ ਹਾਂ ਅਸੀਂ ਜਿੱਥੇ,
ਉਸੇ ਰਾਸਤੇ ਤੁਸੀ ਵੀ ਆ ਜਾਣਾ ॥
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ,
ਕਿਤੇ ਦਿਲਾਂ’ਚੋਂ ਨਾ ਭੁਲਾ ਜਾਣਾ ॥
( ਰਚਨਾ : ਸ਼ਹੀਦ ਕਰਤਾਰ ਸਿੰਘ ਸਰਾਭਾ )