ਪੰਜਾਬ ਤੋਂ ਬਾਅਦ ਹੁਣ ਹਿਮਾਚਲ ਅਤੇ ਗੁਜਰਾਤ ਵਿੱਚ ਵੀ ‘ਆਪ’ ਭਾਰੀ ਬਹੁਮਤ ਨਾਲ ਬਣਾਏਗੀ ਸਰਕਾਰ – ਦੀਪਕ ਬਾਲੀ
ਚੰਡੀਗੜ੍ਹ 11 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਤੋਂ ਬਾਅਦ ਹੁਣ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ । ਇਸ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਮੀਡੀਆ ਪ੍ਰਭਾਰੀ ਤੇ ਸੀਨੀਅਰ ਆਗੂ ਦੀਪਕ ਬਾਲੀ ਨੇ ਕਿਹਾ ”-ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪਿਛਲੇ 7 ਮਹੀਨਿਆਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦਾ ਅਸਰ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਵਿਚ ਦੇਖਣ ਨੂੰ ਮਿਲੇਗਾ” ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ”ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਉਂਦੇ ਸਾਰ ਹੀ ਆਪਣੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਹੋ ਚੁੱਕੀ ਹੈ, ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿਲ ਜ਼ੀਰੋ ਆਉਂਣ ਲੱਗ ਪਏ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਸਭ ਤੋਂ ਵੱਡਾ ਮੁੱਦਾ ਕਰੱਪਸ਼ਨ ਦਾ ਸੀ ,ਉਹ ਬਿਲਕੁਲ ਖਤਮ ਹੋ ਚੁੱਕਾ ਹੈ, ਤੇ ਲੋਕ ਬੜੇ ਖੁਸ਼ ਹਨ ਤੇ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਵੀ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਕਰ ਦਿੱਤੀ ਗਈ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਜਿਸ ਵਿਚ ਸਵਾ 3 ਲੱਖ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਜੋ ਕਿ ਆਪਣੇ ਆਪ ਵਿੱਚ ਇਤਿਹਾਸਿਕ ਗੱਲ ਹੈ ਇਹਨਾਂ ਸਾਰੇ ਕੰਮਾਂ ਦਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਗਹਿਰਾ ਪ੍ਰਭਾਵ ਪਾਇਆ ਜਾ ਰਿਹਾ । ਉਹਨਾਂ ਇਹ ਦਾਅਵਾ ਕੀਤਾ ਕਿ ਇਹਨਾਂ ਦੋਵਾਂ ਸੂਬਿਆਂ ਵਿੱਚ ਵੀ ਪੰਜਾਬ ਵਾਂਗੂ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ।