ਪੰਜਾਬ ਡਿਜ਼ੀਟਲ ਨਿਊਜ਼ ਐਸੋਸੀਏਸ਼ਨ ਦਾ ਹੋਇਆ ਗਠਨ
ਚੰਡੀਗੜ੍ਹ , 17 ਦਿਸੰਬਰ (ਵਿਸ਼ਵ ਵਾਰਤਾ): ਚੰਡੀਗੜ੍ਹ ਅਤੇ ਪੰਜਾਬ ਭਰ ਚੋਂ ਚੱਲ ਰਹੇ ਵੈਬ ਨਿਊਜ਼ ਚੈਨਲਾਂ ਦੇ ਪ੍ਰਬੰਧਕੀ ਪੱਤਰਕਾਰਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਰਾਜ ਪੱਧਰੀ ਪੰਜਾਬ ਡਿਜ਼ੀਟਲ ਨਿਊਜ਼ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ।
ਐਸੋਸੀਏਸ਼ਨ ਅਗਲੇ ਮਹੀਨੇ ਢਾਂਚੇ ਦਾ ਵਿਸਥਾਰ ਕਰੇਗੀ ਅਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਦੇ ਸੂਚਨਾ ਤੇ ਪ੍ਰਸ਼ਾਰਣ ਮੰਤਰਾਲੇ ਦੀ 26 ਮਈ 2021 ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦੇ ਮੱਦੇਨਜ਼ਰ ਇਕ ਸੈਲਫ ਰੈਗੂਲੇਟਰੀ ਸੰਸਥਾ ਬਣਾਕੇ ਰਜਿਸਟਰਡ ਕਾਰਵਾਈ ਜਾਵੇਗੀ। ਇਸ ਸੰਸਥਾ ਲਈ ਇੱਕ ਸੇਵਾਮੁਕਤ ਜੱਜ ਨੂੰ ਚੇਅਰਮੈਨ ਬਨਾਉਣ ‘ਤੇ ਵੀ ਚਰਚਾ ਕੀਤੀ ਗਈ । ਇਹ ਸੰਸਥਾ ਬਹੁਤ ਜਰੂਰੀ ਹੈ ਕਿਉਂਕਿ ਹੁਣ ਤੱਕ ਦੇਸ਼ ਦੇ ਕਈ ਸੈਟੇਲਾਈਟ ਨਿਊਜ਼ ਚੈਨਲ, ਅਖਬਾਰ ਤੇ ਵੈਬ ਚੈਨਲ ਦੇ ਪ੍ਰਬੰਧਕ ਵਲੋਂ ਬਣਾਈਆਂ ਗਈਆਂ ਸੰਸਥਾਵਾਂ ਨੂੰ ਕੇਂਦਰ ਸਰਕਾਰ ਨੋਟੀਫਾਈਡ ਕਰ ਚੁੱਕੀ ਹੈ। ਇਸ ਸਮੇਂ ਦੇਸ਼ ਅੰਦਰ ਪ੍ਰਿੰਟ ਮੀਡੀਆ ਲਈ ਹੀ ਪ੍ਰੈਸ ਕਾਉਂਸਿਲ ਆਫ ਇੰਡੀਆ ਹੈ ਜਦਕਿ ਟੀਵੀ ਮੀਡੀਆ ਅਤੇ ਡਿਜ਼ੀਟਲ ਮੀਡੀਆ ਲਈ ਕੇਂਦਰ ਸਰਕਾਰ ਦੇ ਪੱਧਰ ‘ਤੇ ਕੋਈ ਅਥਾਰਿਟੀ ਨਹੀਂ ਹੈ ਜਿਸ ਕਰਕੇ ਫਿਲਹਾਲ ਕੇਂਦਰ ਸਰਕਾਰ ਨੇ ਸਾਰੀਆਂ ਧਿਰਾਂ ਨੂੰ ਸੈਲਫ ਰੈਗੂਲੇਟਰੀ ਸੰਸਥਾ ਬਨਾਉਣ ਲਈ ਹੀ ਕਿਹਾ ਹੈ।
ਇਸ ਐਸੋਸੀਏਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਭਵਿੱਖ ਵਿੱਚ ਬਾਕੀ ਚੈਨਲ ਪ੍ਰਬੰਧਕਾਂ ਨੂੰ ਸ਼ਾਮਿਲ ਕਰਨ ਤੋਂ ਪਹਿਲਾਂ ਕੇਸ ਸਕਰੀਨਿੰਗ ਕਮੇਟੀ ਨੂੰ ਭੇਜਿਆ ਜਾਵੇਗਾ । ਐਸੋਸੀਏਸ਼ਨ ਦਾ ਮਕਸਦ ਪੱਤਰਕਾਰਾਂ ਦੀਆਂ ਕਦਰਾਂ ਕੀਮਤਾਂ ਅਤੇ ਮੀਡੀਆ ਦੇ ਫਰਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਿਧਾਨ ਵੀ ਬਣਾਇਆ ਜਾਵੇਗਾ ।
ਅੱਜ ਦੀ ਹੋਈ ਪਲੇਠੀ ਮੀਟਿੰਗ ਵਿੱਚ ਪੰਜਾਬ ਪੁਲਿਸ ਵਲੋਂ ਗਲਤ ਅਧਾਰ ਦਾ ਹਵਾਲਾ ਬਣਾਕੇ ਵੈਬ ਚੈਨਲ ਆਨ ਏਅਰ ਦੇ ਪ੍ਰਬੰਧਕੀ ਸੰਪਾਦਕ ਸਿਮਰਨਜੋਤ ਸਿੰਘ ਮੱਕੜ ਖਿਲਾਫ ਕੀਤੇ ਕੇਸ ਦੀ ਨਿਖੇਦੀ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ ਨੂੰ ਦਿਖਾਈ ਗਈ ਖਬਰ ‘ਤੇ ਜਾਂਚ ਕਰਨੀ ਚਾਹੀਦੀ ਸੀ ਨਾ ਕਿ ਪੱਤਰਕਾਰ ਦੇ ਖਿਲਾਫ਼ ਪਰਚਾ ਦਰਜ ਕਰਨਾ ਚਾਹੀਦਾ ਸੀ । ਸਰਕਾਰ ਅਤੇ ਪੁਲਿਸ ਇਸ ਕਾਰਵਾਈ ਦੀ ਨਿੰਦਾ ਕੀਤੀ ਗਈ ਅਤੇ ਚੇਤਾਵਨੀ ਦਿਤੀ ਗਈ ਕਿ ਅਗਰ ਪਰਚਾ ਰੱਦ ਨਾ ਕੀਤਾ ਗਿਆ ਤਾਂ ਰਾਜ ਪੱਧਰ ਤੇ ਐਕਸ਼ਨ ਕੀਤਾ ਜਾਵੇਗਾ । ਇਸੇ ਤਰ੍ਹਾਂ ਜਗਰਾਓਂ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸੰਤੋਖ ਸਿੰਘ ਗਿੱਲ ਨੂੰ ਕੁਝ ਕਿਸਾਨਾਂ ਅਤੇ ਵਿਦੇਸ਼ਾਂ ਤੋਂ ਮਿਲ ਰਹੀਆਂ ਧਮਕੀਆਂ ਦੀ ਵੀ ਨਿੰਦਾ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਐਸੋਸੀਏਸ਼ਨ ਨੇ ਡੀਜੀਪੀ ਗੌਰਵ ਯਾਦਵ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ ਗਈ ਕਿ ਜਿਸ ਵਿੱਚ ਉਨ੍ਹਾਂ ਨੇ ਵੈੱਬ ਚੈਨਲ ਨੂੰ ਅਣ ਅਧਿਕਾਰਤ ਆਖਿਆ ਹੈ ਜਦਕਿ ਕੇਂਦਰ ਅਤੇ ਪੰਜਾਬ ਸਰਕਾਰ ਵੀ ਨਿਯਮਾਂ ਤਹਿਤ ਵੈਬ ਚੈਨਲ ਨੂੰ ਮਾਨਤਾ ਦੇ ਰਹੀ ਹੈ ।
ਅੱਜ ਦੀ ਮੀਟਿੰਗ ਵਿਚ ਹਮੀਰ ਸਿੰਘ ਪੰਜਾਬ ਟੈਲੀਵਿਜ਼ਨ, ਦੀਪਕ ਚਨਾਰਥਲ ਪੰਜਾਬ ਟੈਲੀਵਿਜ਼ਨ, ਜਗਤਾਰ ਸਿੰਘ ਏ ਬੀਸੀ ਪੰਜਾਬ, ਗਗਨ ਰਟੌਲ ਅੱਖਰ, ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ, ਮਨਿੰਦਰਜੀਤ ਸਿੰਘ ਲੋਕ ਆਵਾਜ ਟੀਵੀ, ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਲਾਈਵ ਸੱਚ, ਜਸਪ੍ਰੀਤ ਸਿੰਘ ਗਰੇਵਾਲ ਆਰਐਮਬੀ ਟੈਲੀਵਿਜ਼ਨ, ਪਰਮਿੰਦਰ ਸਿੰਘ ਰਾਏ ਲੋਕ ਰਾਇ ਟੀਵੀ, ਮਨਦੀਪ ਸਿੰਘ ਦੁਨੀਆ ਟੀਵੀ, ਕਰਮ ਸਿੰਘ ਸੇਖੋਂ ਦਾ ਮਿਰਰ ਪੰਜਾਬ ਟੀਵੀ, ਦਰਸ਼ਨ ਸਿੰਘ ਖੋਖਰ ਰਾਬਤਾ ਪੰਜਾਬ ਟੀਵੀ, ਵਿਜੇ ਕੁਮਾਰ ਪੰਜਾਬ ਨਿਊਜ਼, ਰਤਨਦੀਪ ਸਿੰਘ ਧਾਲੀਵਾਲ ਟਾਕ ਵਿਦ ਰਤਨ ਟੀਵੀ ਆਦਿ ਮੀਡੀਆ ਪ੍ਰਬੰਧਕ ਸ਼ਾਮਿਲ ਹੋਏ