ਪੰਜਾਬ ‘ਚ ਸਰਹੱਦ ‘ਤੇ ਫਿਰ ਦਿਖਿਆ ਡਰੋਨ, ਬੀਐਸਐਫ ਅਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਕੀਤੀ ਸ਼ੁਰੂ
ਚੰਡੀਗੜ੍ਹ 9 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਦੇ ਸਰਹੱਦੀ ਇਲਾਕੇ ਫਾਜ਼ਿਲਕਾ ‘ਚ ਐਤਵਾਰ ਰਾਤ ਨੂੰ ਇਕ ਵਾਰ ਫਿਰ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ ਹੈ। ਡਰੋਨ ਦੀ ਇਹ ਹਰਕਤ ਇੱਕ ਵਾਰ ਨਹੀਂ ਸਗੋਂ ਥੋੜ੍ਹੇ-ਥੋੜ੍ਹੋ ਸਮੇਂ ਦੇ ਬਾਅਦ 5 ਵਾਰ ਹੋਈ। ਜਿਸ ਤੋਂ ਬਾਅਦ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਦੇਰ ਰਾਤ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ।
ਪ੍ਰਾਪਤ ਜਾਣਕਾਰੀ ਅਨੁਸਾਰ ਡਰੋਨ ਦੀ ਇਹ ਹਰਕਤ ਫਾਜ਼ਿਲਕਾ ਦੇ ਫਿਰੋਜ਼ਪੁਰ ਸੈਕਟਰ ਦੇ ਪਿੰਡ ਮਹਾਤਮਾ ਨਗਰ ‘ਚ ਭਾਰਤ-ਪਾਕਿ ਸਰਹੱਦ ਨੇੜੇ ਦੇਖੀ ਗਈ। ਪਿੰਡ ਵਾਸੀਆਂ ਨੇ ਇਸ ਬਾਰੇ ਅਧਿਕਾਰੀਆਂ ਅਤੇ ਪੁਲੀਸ ਨੂੰ ਸੂਚਿਤ ਕੀਤਾ ਪਰ ਇਹ ਡਰੋਨ ਇਕ ਵਾਰ ਨਹੀਂ ਰੁਕਿਆ ਸਗੋਂ ਪੰਜ ਵਾਰ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਆ ਗਿਆ। ਇਸ ਸਬੰਧੀ ਬੀਐਸਐਫ ਅਧਿਕਾਰੀਆਂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਅਤੇ ਫਾਜ਼ਿਲਕਾ ਪੁਲੀਸ ਨੇ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਇਸ ਤੋਂ ਬਾਅਦ ਰਾਤ ਨੂੰ ਹੀ ਸਰਚ ਆਪਰੇਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਰਾਤ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਸ ਦੇ ਨਾਲ ਹੀ ਸਵੇਰੇ ਇਹ ਤਲਾਸ਼ੀ ਮੁਹਿੰਮ ਵੀ ਚਲਾਈ ਗਈ।
ਡਰੋਨ ਦੀ ਇਸ ਹਰਕਤ ਤੋਂ ਬਾਅਦ ਹੈਰੋਇਨ ਦੀ ਹੋਰ ਖੇਪ ਮਿਲਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹੀ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਮਿਲ ਕੇ ਇੱਕ ਸਿਪਾਹੀ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲੀਸ ਨੇ ਸਿਪਾਹੀ ਦੀ ਕਾਰ ਵਿੱਚੋਂ 31 ਕਿਲੋ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਸੀ।