ਪੰਜਾਬ ‘ਚ ਨਹੀਂ ਰੁਕ ਰਹੀਆਂ ਕਤਲ ਦੀਆਂ ਵਾਰਦਾਤਾਂ
ਇਕ ਹੋਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਫਿਰੋਜ਼ਪੁਰ, 3 ਅਪ੍ਰੈਲ (ਵਿਸ਼ਵ ਵਾਰਤਾ) ਸੂਬੇ ‘ਚ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਆਏ ਦਿਨ ਕੋਈ ਨਾ ਕੋਈ ਵਾਰਦਾਤ ਦੀ ਖ਼ਬਰ ਸਾਹਮਣੇ ਆਉਂਦੀ ਹੈ। ਬੀਤੇ ਦਿਨ ਮੋਗਾ ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਫਾ ਵਿਖੇ ਮੇਲੇ ਵਿੱਚ ਇਕ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਮਾੜੀ ਮੁਸਤਫਾ ਵਿੱਚ ਇਕ ਮੇਲਾ ਚਲ ਰਿਹਾ ਸੀ। ਇਸ ਦੌਰਾਨ ਇਕ ਨਿੱਜੀ ਰੰਜਿਸ਼ ਦੇ ਚਲਦਿਆਂ ਇਕ ਧੜੇ ਨੇ ਦੂਜੇ ਧੜੇ ਦੇ ਨੌਜਵਾਨਾਂ ਉਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਹਰਜੀਤ ਸਿੰਘ ਪਿੰਟਾ ਨਾਮਕ ਵਿਅਕਤੀ ਦੀ ਮੌਤ ਹੋ ਗਈ ,ਜਦੋਂ ਕਿ ਇਕ ਹੋਰ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ।
ਹੁਣ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੋਨਾਂ ਤੇਲ ਮਲ ਦੇ ਰਹਿਣ ਵਾਲੇ ਕਾਰਜ ਸਿੰਘ ਤੇ ਮੁਬੋਕੇ ਪਿੰਡ ਵਿੱਚ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਕਾਰਜ ਸਿੰਘ ਉਮਰ ਕਰੀਬ 35 ਸਾਲਾਂ ਦੀ ਮੌਤ ਹੋ ਗਈ। ਕਾਰਜ ਸਿੰਘ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਨੇ ਅਤੇ ਉਹਨਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਸਭ ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰਜ ਸਿੰਘ ਮੇਲਾ ਦੇਖ ਕੇ ਘਰ ਵਾਪਿਸ ਆ ਰਿਹਾ ਸੀ ਤਾਂ ਰਾਸਤੇ ਵਿੱਚ ਹਮਲਾਵਰ ਰਸਤਾ ਰੋਕ ਖੜੇ ਹੋਏ ਸਨ ਅਤੇ ਉਹਨਾਂ ਨੇ ਸਿੱਧਾ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਵਿਚ ਕਾਰਜ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਉਥੇ ਹੀ ਘਟਨਾ ਸਥਾਨ ਤੇ ਪਹੁੰਚੇ ਡੀ ਐਸ ਪੀ ਯਾਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਅਤੇ 35 ਸਾਲ ਕਾਰਜ ਸਿੰਘ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਹੈ । ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।