ਪੰਜਾਬ ‘ਚ ਡੀਜੀਪੀ ਦੀ ਕੁਰਸੀ ਨੂੰ ਲੈ ਕੇ ਫਿਰ ਤੋਂ ਛਿੜੀ ਚਰਚਾ
ਸਥਾਈ ਡੀਜੀਪੀ ਵੀਕੇ ਭਾਵਰਾ ਦੀ ਛੁੱਟੀ ਜਲਦ ਹੋ ਰਹੀ ਹੈ ਖਤਮ
ਵਾਪਸੀ ਤੋਂ ਪਹਿਲਾਂ ਸਰਕਾਰ ਨੇ ਭੇਜਿਆ ਨੋਟਿਸ
ਚੰਡੀਗੜ੍ਹ,1 ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਵਿੱਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦੇ ਅਹੁਦੇ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਸ਼ੁਰੂ ਹੋ ਗਈ ਹੈ। ਡੀਜੀਪੀ ਨਿਯੁਕਤ ਵੀਕੇ ਭਾਵਰਾ ਦੀਆਂ ਛੁੱਟੀਆਂ ਖਤਮ ਹੋ ਗਈਆਂ ਹਨ ਅਤੇ ਅਜੇ ਤੱਕ ਉਹਨਾਂ ਨੇ ਛੁੱਟੀ ਨੂੰ ਹੋਰ ਵਧਾਉਣ ਲਈ ਅਰਜ਼ੀ ਨਹੀਂ ਦਿੱਤੀ ਹੈ। ਉਹ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਛੁੱਟੀ ‘ਤੇ ਚਲੇ ਗਏ ਸਨ। ਅਜਿਹੇ ‘ਚ ਜੇਕਰ ਉਹ ਵਾਪਸ ਆਉਂਦੇ ਹਨ ਤਾਂ ਡੀਜੀਪੀ ਦੀ ਕੁਰਸੀ ‘ਤੇ ਵਾਪਸ ਆ ਜਾਣਗੇ। ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਗੌਰਵ ਯਾਦਵ ਨੂੰ ਕਾਰਜਕਾਰੀ ਡੀ.ਜੀ.ਪੀ. ਨਿਯੁਕਤ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਵੀ ਕੇ ਭਾਵਰਾ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ।ਜਾਣਕਾਰੀ ਅਨੁਸਾਰ ਇੰਟੈਲੀਜੈਂਸ ਅਲਰਟ ‘ਤੇ ਸਮੇਂ ਸਿਰ ਲੋੜੀਂਦੀ ਕਾਰਵਾਈ ਨਾ ਕਰਨ ‘ਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਹਾਲਾਂਕਿ ਵੀਕੇ ਭਾਵਰਾ ਜਾਂ ਪੰਜਾਬ ਪੁਲਿਸ ਵੱਲੋਂ ਇਸ ਬਾਰੇ ਰਸਮੀ ਤੌਰ ‘ਤੇ ਕੁਝ ਨਹੀਂ ਕਿਹਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਵੀਕੇ ਭਾਵਰਾ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਡੀਜੀਪੀ ਨਿਯੁਕਤ ਕੀਤਾ ਸੀ। ਭਾਵਰਾ ਨੂੰ ਯੂਪੀਐਸਸੀ ਦੇ ਪੈਨਲ ਤੋਂ ਬਾਅਦ ਨਿਯੁਕਤ ਕੀਤਾ ਗਿਆ ਸੀ। ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੀ ਇਸ ਅਹੁਦੇ ‘ਤੇ ਬਣੇ ਰਹੇ। ਹਾਲਾਂਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਭਾਵਰਾ ਛੁੱਟੀ ‘ਤੇ ਚਲੇ ਗਏ ਸਨ ਅਤੇ ਨਾਲ ਹੀ ਉਹ ਕੇਂਦਰੀ ਡੈਪੂਟੇਸ਼ਨ ‘ਤੇ ਜਾਣਾ ਚਾਹੁੰਦੇ ਸਨ ਪਰ ਅਜਿਹਾ ਸੰਭਵ ਨਹੀਂ ਸੀ। ਹੁਣ ਉਹ 4 ਸਤੰਬਰ ਨੂੰ ਵਾਪਸ ਪਰਤਣਗੇ।