ਪੰਜਾਬ ‘ਚ ਅੱਤ ਦੀ ਗਰਮੀ ਕਾਰਨ 4 ਦੀ ਮੌਤ, ਰੈੱਡ ਅਲਰਟ ਜਾਰੀ
ਚੰਡੀਗੜ੍ਹ, 29ਮਈ(ਵਿਸ਼ਵ ਵਾਰਤਾ)- ਪੂਰੇ ਉਤਰੀ ਭਾਰਤ ਸਮੇਤ ਪੰਜਾਬ ‘ਚ ਇਸ ਵਾਰ ਪੈ ਰਹੀ ਗਰਮੀ ਸਾਰੇ ਰਿਕਾਰਡ ਤੋੜ ਰਹੀ ਹੈ ਜਿੱਥੇ ਪਹਿਲਾਂ ਹੀ ਗਰਮੀ ਕਾਰਨ ਕਈ ਜਾਨਾਂ ਜਾ ਚੁਕੀਆਂ ਨੇ ਉਥੇ ਤਾਜ਼ਾ ਮਾਮਲਿਆਂ ਮੁਤਾਬਕ ਬਠਿੰਡਾ ਚ ਵੱਖ ਵੱਖ ਮਾਮਲਿਆਂ ਚ 4 ਲੋਕਾਂ ਦੀ ਜਾਨ ਗਈ ਗਈ ਹੈ। ਗਰਮੀ ਕਾਰਨ 2 ਵਿਅਕਤੀ ਰੇਲਵੇ ਸਟੇਸ਼ਨ ਅਤੇ 1 ਦੀ ਮੌਤ ਅਥਾਨਕ ਵੇਅਰਹਾਊਸ ਰੋਡ ‘ਤੇ ਹੋਈ ਹੈ। ਸਥਾਨਕ ਪ੍ਰਸਾਸ਼ਨ ਵੱਲੋ ਸ਼ਨਾਖ਼ਤ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਦਕਿ ਤਿੰਨਾ ਮ੍ਰਿਤਕਾਂ ਤੋਂ ਕੋਈ ਦਸਤਾਵੇਜ ਨਹੀਂ ਮਿਲਿਆ ਹੈ। ਸਥਾਨਕ ਪੁਲਿਸ ਅਤੇ ਰੇਲਵੇ ਪੁਲਿਸ ਵੱਲੋ ਏਨਾਂ ਮਾਮਲਿਆਂ ਚ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੰਤਪੁਰਾ ਰੋਡ ਅਤੇ ਮਾਲ ਗੋਦਾਮ ਰੋਡ ‘ਤੇ ਵੀ ਇਕ ਇਕ ਵਿਅਕਤੀ ਦੇ ਗਰਮੀ ਕਾਰਨ ਬੇਹੋਸ਼ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਇਕ ਸਮਾਜਸੇਵੀ ਸੰਸਥਾ ਵੱਲੋ ਗਰਮੀ ਦੀ ਲਪੇਟ ਚ ਆਏ ਪੀੜਤਾਂ ਨੂੰ ਸਥਾਨਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮਾਲਵਾ ਇਲਾਕੇ ਚ ਮੰਗਲਵਾਰ ਨੂੰ ਪਾਰਾ 48 ਡਿਗਰੀ ਦੇ ਨਜ਼ਦੀਕ ਪਹੁੰਚ ਗਿਆ ਸੀ। ਦਿਨ ਵੇਲੇ ਸੜਕਾਂ ‘ਤੇ ਆਵਾਜਾਈ ਘੱਟ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਅਤੇ ਸਿਹਤ ਵਿਭਾਗ ਵੱਲੋ ਗਰਮੀ ਤੋਂ ਬਚਣ ਲਈ ਖਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਨੂੰ ਪ੍ਰਸਾਸ਼ਨ ਨੇ ਦੁਪਹਿਰ ਵੇਲੇ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਜੇਕਰ ਬਾਹਰ ਜਾਣਾ ਹੀ ਪਵੇ ਤਾ ਪੂਰੀ ਸ਼ਰੀਰ ਨੂੰ ਢਕਣ ਵਾਲੇ ਸੂਤੀ ਕੱਪੜਿਆਂ ਦਾ ਇਸਤੇਮਾਲ ਕੀਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਬੱਚਿਆਂ ਨੂੰ ਦੁਪਹਿਰ ਵੇਲੇ ਬਾਹਰ ਨਾ ਖੇਡਣ ਦੀ ਹਿਦਾਇਤ ਦਿੱਤੀ ਗਈ ਹੈ। ਪੰਜਾਬ ਭਰ ਚ ਸਕੂਲਾਂ ਨੂੰ ਅੱਤ ਦੀ ਗਰਮੀ ਚ ਸਮਰ ਕੈਂਪ ਨਾ ਲਗਾਉਣ ਦੀ ਸਲਾਹ ਸਿਖਾਈ ਵਿਭਾਗ ਵੱਲੋ ਦਿੱਤੀ ਗਈ ਹੈ।