ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਡੇਰਾ ਵਿਵਾਦ ਮਾਮਲੇ ਸਬੰਧੀ ਲਾਈ ਗਈ ਪੈਰਾ ਮਿਲਟਰੀ ਫੋਰਸ ਦੀਆਂ 85 ਕੰਪਨੀਆਂ ਨੂੰ 7 ਸਤੰਬਰ ਤੱਕ ਪੰਜਾਬ ‘ਚੋਂ ਨਾ ਹਟਾਉਣ ਲਈ ਕਿਹਾ ਹੈ। ਇਸ ਦੇ ਲਈ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਐਡੀਸ਼ਨਲ ਚੀਫ ਸਕੱਤਰ ਹੋਮ ਮਨਦੀਪ ਸੰਧੂ ਨੂੰ ਚਿੱਠੀ ਲਿਖੀ ਹੈ। ਇਸ ਦੇ ਆਧਾਰ ‘ਤੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਨੂੰ ਚਿੱਠੀ ਲਿਖੀ ਹੈ। ਪੰਜਾਬ ਨੇ ਸੈਂਟਰਲ ਫੋਰਸਾਂ ਨੂੰ 10 ਦਿਨ ਹੋਰ ਰੱਖੇ ਜਾਣ ਪਿੱਛੇ ਦਲੀਲ ਦਿੱਤੀ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਹੋਣ ਤੋਂ ਬਾਅਦ ਪੰਚਕੂਲਾ ‘ਚ ਹੋਈ ਹਿੰਸਾ ਦੌਰਾਨ ਜਿਨ੍ਹਾਂ 38 ਲੋਕਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ‘ਚੋਂ 12 ਮਾਲਵੇ ਦੇ ਹਨ। ਇਸ ਤੋਂ ਇਲਾਵਾ ਕੁਝ ਹੋਰ ਲਾਸ਼ਾਂ ਵੀ ਹਨ, ਜਿਨ੍ਹਾਂ ਦੀ ਪਛਾਣ ਨਹੀਂ ਹੋਈ ਹੈ। ਇਨ੍ਹਾਂ ਦਾ ਜਿੱਥੇ ਸੰਸਕਾਰ ਹੋ ਰਿਹਾ ਹੈ, ਉੱਥੇ ਕੁਝ ਦਿਨਾਂ ਬਾਅਦ ਭੋਗ ਪੈਣੇ ਹਨ। ਅਜਿਹੀ ਹਾਲਤ ‘ਚ ਕਿਸੇ ਵੀ ਸਮੇਂ ਤਣਾਅਪੂਰਨ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ 25 ਅਗਸਤ ਨੂੰ ਹੈਈ ਹਿੰਸਾ ‘ਚ ਪੰਜਾਬ ਦੇ ਕਈ ਇਲਾਕੇ ਵੀ ਹਿੰਸਾ ਦੀ ਲਪੇਟ ‘ਚ ਆ ਗਏ ਸਨ।