ਵਿਆਹ ਦੇ ਬੰਧਨ ‘ਚ ਬੱਝਗੇ ਮੰਤਰੀ ਅਨਮੋਲ ਗਗਨ ਮਾਨ
ਵਕੀਲ ਸ਼ਾਹਬਾਜ਼ ਸਿੰਘ ਸੋਹੀ ਨਾਲ ਲਾਇਆ ਲਾਵਾਂ
ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ):- ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਸ਼ਾਹਬਾਜ਼ ਸਿੰਘ ਸੋਹੀ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਮੋਹਾਲੀ ਦੇ ਜ਼ੀਰਕਪੁਰ ਸ਼ਹਿਰ ਵਿੱਚ ਸਥਿਤ AKM ਮੈਰਿਜ ਪੈਲੇਸ ਵਿੱਚ ਵਿਆਹ ਦਾ ਸਮਾਗਮ ਹੋਇਆ। ਬੀਤੇ ਦਿਨ ਉਨ੍ਹਾਂ ਦੇ ਘਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਸੀ। ਅਤੇ ਸ਼ਾਮ ਨੂੰ ਜਾਗੋ ਦਾ ਪ੍ਰੋਗਰਾਮ ਵੀ ਹੋਇਆ।ਇਹ ਸਾਰੀਆਂ ਰਸਮਾਂ ਚੰਡੀਗੜ੍ਹ ਦੇ ਸੈਕਟਰ 39 ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਨਿਭਾਈਆਂ ਗਈਆਂ ਹਨ।
ਇਸ ਵਿਆਹ ਸਮਾਗਮ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸ਼ਾਹਬਾਜ਼ ਸਿੰਘ ਸੋਹੀ ਨਾਲ ਵਿਆਹ ਕਰਵਾਇਆ। ਸ਼ਾਹਬਾਜ਼ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਦਾ ਪਰਿਵਾਰ ਜ਼ੀਰਕਪੁਰ ਵਿੱਚ ਰਹਿੰਦਾ ਹੈ। ਸੋਹੀ ਪਰਿਵਾਰ ਦਾ ਪਿਛੋਕੜ ਵੀ ਮਲੋਟ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਇਤਿਹਾਸਕ ਗੁਰਦੁਆਰਾ ਨਾਭਾ ਸਾਹਿਬ ਵਿਖੇ ਦੋਵੇਂ ਜਣੇ ਲਾਵਾਂ ਲਈਆਂ । ਇਸ ਮਗਰੋਂ ਜ਼ੀਰਕਪੁਰ ਸ਼ਹਿਰ ਵਿੱਚ ਸਥਿਤ AKM ਮੈਰਿਜ ਪੈਲੇਸ ਵਿੱਚ ਕੁਝ ਖਾਸ ਮਹਿਮਾਨਾਂ ਲਈ ਦਾਅਵਤ ਰੱਖੀ ਸੀ।
ਦੱਸ ਦਈਏ ਅਨਮੋਲ ਗਗਨ ਮਾਨ ਇੱਕ ਮਸਹੂਰ ਪੰਜਾਬੀ ਗਾਇਕ ਸੀ। ਉਨ੍ਹਾਂ ਆਪਣਾ ਕਿੱਤਾ ਛੱਡ ਕੇ ਆਮ ਆਦਮੀ ਪਾਰਟੀ ਤੋਂ ਰਾਜਨੀਤਿਕ ਸਫਰ ਦੀ ਸ਼ੁਰੂਆਤ ਕੀਤੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਮੋਹਾਲੀ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਟਿਕਟ ਮਿਲੀ। ਉਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੀ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾ ਦਿੱਤਾ। ਇਸ ਸਮੇਂ ਉਨ੍ਹਾਂ ਕੋਲ ਪੰਜਾਬ ਸਰਕਾਰ ਦਾ ਸੈਰ ਸਪਾਟਾ ਵਿਭਾਗ ਹੈ।
ਮੰਤਰੀ ਗਗਨ ਮਾਨ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਹੋਇਆ ਸੀ। ਇਸ ਤੋਂ ਇਲਾਵਾ ਆਮ ਆਮਦੀ ਪਾਰਟੀ ਦੇ ਕਈ ਵਿਧਾਇਕਾਂ ਦੇ ਵਿਆਹ ਵੀ ਹੋ ਚੁੱਕੇ ਹਨ।