ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਨੇ ਕਰਜ਼ਾ ਵੰਡ ਸਮਾਗਮ ਕਰਵਾਇਆ
ਵੱਖ-ਵੱਖ ਸਕੀਮਾਂ ਤਹਿਤ 16 ਲਾਭਪਾਤਰੀਆਂ ਨੂੰ 36.75 ਲੱਖ ਰੁਪਏ ਦੇ ਕਰਜ਼ਿਆਂ ਦੇ ਮਨਜ਼ੂਰੀ ਪੱਤਰ ਵੰਡੇ : ਇੰਜ. ਮੋਹਨ ਲਾਲ ਸੂਦ
ਚਾਲੂ ਵਿੱਤੀ ਸਾਲ ਦੌਰਾਨ 6400 ਲਾਭਪਾਤਰੀਆਂ ਨੂੰ 40 ਕਰੋੜ ਰੁਪਏ ਦਾ ਕਰਜ਼ਾ ਤੇ ਸਬਸਿਡੀ ਵੰਡਣ ਦਾ ਟੀਚਾ
ਜਲੰਧਰ, 29 ਜੁਲਾਈ : ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਆਪਣੀ ਗੋਲਡਨ ਜੁਬਲੀ ਮਨਾਉਣ ਦੀ ਲੜੀ ਤਹਿਤ ਜਲੰਧਰ ਵਿਖੇ ਕਰਜ਼ਾ ਵੰਡ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਵਿਸ਼ੇਸ਼ ਮਹਿਮਾਨ ਚੇਅਰਮੈਨ ਇੰਜ. ਮੋਹਨ ਲਾਲ ਸੂਦ ਵੱਲੋਂ ਜ਼ਿਲ੍ਹਾ ਜਲੰਧਰ ਅਤੇ ਕਪੂਰਥਲਾ ਦੇ 16 ਲਾਭਪਾਤਰੀਆਂ ਨੂੰ ਕਾਰਪੋਰੇਸ਼ਨ ਦੀਆਂ ਵੱਖ-ਵੱਖ ਸਕੀਮਾਂ ਤਹਿਤ 36.75 ਲੱਖ ਰੁਪਏ ਦੇ ਕਰਜ਼ਿਆਂ ਦੇ ਮਨਜ਼ੂਰੀ ਪੱਤਰ ਵੰਡੇ ਗਏ। ਇਸ ਤੋਂ ਇਲਾਵਾ ਕਾਰਪੋਰੇਸ਼ਨ ਦੇ ਰੈਗੂਲੇਸ਼ਨ ‘ਰਿਲੀਫ਼ ਐਂਡ ਕਾਮਨ ਗੁਡ ਰੈਗੂਲੇਸ਼ਨ 1976 ਐਕਟ’ ਅਨੁਸਾਰ ਰਾਜ ਕੁਮਾਰ ਪੁੱਤਰ ਸੋਹਨ ਲਾਲ ਪਿੰਡ ਬੀਸਲਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਰੈਗੂਲੇਸ਼ਨ ਦੀ ਧਾਰਾ 7 ਅਧੀਨ ਮੈਡੀਕਲ ਰਲੀਫ਼ ਦੇਣ ਦੇ ਆਧਾਰ ‘ਤੇ ਰੈਗੂਲੇਸ਼ਨ ਦੀ ਧਾਰਾ 8 ਵਿੱਚ ਦਰਜ ਸ਼ਰਤਾਂ ਦੀ ਪੂਰਤੀ ਉਪਰੰਤ ਧਾਰਾ 9 ਤਹਿਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ 25000 ਰੁਪਏ ਦੀ ਮਾਲੀ ਸਹਾਇਤਾ ਦਾ ਪ੍ਰਵਾਨਗੀ ਪੱਤਰ ਦਿੱਤਾ ਗਿਆ, ਜੋ ਕਿ 2 ਦਿਨਾਂ ਵਿੱਚ ਖਾਤੇ ਵਿੱਚ ਪਾ ਦਿੱਤੀ ਜਾਵੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਇੰਜ. ਮੋਹਨ ਲਾਲ ਸੂਦ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ ਅਨੁਸਾਰ ਸਭ ਤੋਂ ਪਹਿਲਾਂ ਅਨੁਸੂਚਿਤ ਜਾਤੀਆਂ ਦੇ ਕਰਜ਼ਦਾਰਾਂ ਦਾ 50 ਹਜ਼ਾਰ ਰੁਪਏ ਦਾ ਕਰਜ਼ਾ ਮੁਆਫ਼ ਕਰ ਕੇ 14260 ਲਾਭਪਾਤਰੀਆਂ ਨੂੰ 45.41 ਕਰੋੜ ਰੁਪਏ ਦੀ ਵੱਡੀ ਰਾਹਤ ਪ੍ਰਦਾਨ ਕਰ ਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਾਲ 2019-20 ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਕਰਜ਼ ਮੁਹਿੰਮ ਚਲਾ ਕੇ ਜਿਥੇ 1779 ਲਾਭਪਾਤਰੀਆਂ ਨੂੰ 15.35 ਕਰੋੜ ਰੁਪਏ ਦੇ ਕਰਜ਼ੇ (ਸਬਸਿਡੀ ਸਮੇਤ) ਵੰਡੇ ਗਏ ਉਥੇ ਸਾਲ 2020-21 ਦੌਰਾਨ ਕੋਵਿਡ ਦੀ ਮਹਾਂਮਾਰੀ ਦੌਰਾਨ ਤਾਲਾਬੰਦੀ ਹੋਣ ਦੇ ਬਾਵਜੂਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਜ਼ਾ ਵੰਡ ਮੁਹਿੰਮ ਤਹਿਤ 2116 ਲਾਭਪਾਤਰੀਆਂ ਨੂੰ 22.94 ਕਰੋੜ ਦਾ ਕਰਜ਼ਾ (ਸਬਸਿਡੀ ਸਮੇਤ) ਮੁਹੱਈਆ ਕਰਵਾ ਕੇ ਇਨ੍ਹਾਂ ਜਾਤੀਆਂ ਦੇ ਵਿਅਕਤੀਆਂ ਦੇ ਕਾਰੋਬਾਰ ਨੂੰ ਸ਼ੁਰੂ ਕਰਵਾਉਣ ਵਿੱਚ ਮਹੱਤਵਪੂਰਣ ਰੋਲ ਅਦਾ ਕੀਤਾ ਗਿਆ।
ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਮੁੱਖ ਮੰਤਰੀ, ਪੰਜਾਬ ਨੂੰ ਐਸ. ਸੀ. ਭਾਈਚਾਰੇ ਦੇ ਲੋਕਾਂ ਨੂੰ ਸੁਸਾਇਟੀਆਂ ਵੱਲੋਂ ਕਰਜ਼ਾ ਮੁਆਫ਼ ਕਰਨ ਦੀ ਅਪੀਲ ਕੀਤੀ ਜਾਵੇਗੀ।
ਚੇਅਰਮੈਨ ਇੰਜ. ਸੂਦ ਨੇ ਅੱਗੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੌਰਾਨ ਕਾਰਪੋਰੇਸ਼ਨ ਦੀ ਸਥਾਪਨਾ ਦੀ ਗੋਲਡਨ ਜੁਬਲੀ ਮਨਾਉਂਦਿਆਂ 6400 ਲਾਭਪਾਤਰੀਆਂ ਨੂੰ 40 ਕਰੋੜ ਰੁਪਏ ਦਾ ਕਰਜ਼ਾ ਤੇ ਸਬਸਿਡੀ ਵੰਡਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿੱਚ ਸਿੱਧਾ ਕਰਜ਼ਾ ਸਕੀਮ ਤਹਿਤ ਕਰਜ਼ਾ ਵੰਡਣ ਦਾ ਟੀਚਾ 500 ਲੱਖ ਰੁਪਏ ਤੋਂ ਵਧਾ ਕੇ 1000 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਇਸ ਮੌਕੇ ਜ਼ਿਲਾ ਭਲਾਈ ਅਫ਼ਸਰ ਸ਼੍ਰੀ ਲਖਵਿੰਦਰ ਸਿੰਘ, ਜ਼ਿਲ੍ਹਾ ਮੈਨੇਜਰ ਕੁਲਵਿੰਦਰ ਸਿੰਘ ਜਲੰਧਰ, ਅਸ਼ੋਕ ਕੁਮਾਰ ਕਪੂਰਥਲਾ ਅਤੇ ਹੋਰ ਦਫ਼ਤਰੀ ਸਟਾਫ਼ ਸ਼੍ਰੀਮਤੀ ਮੰਜੂ, ਸੰਦੀਪ ਕੁਮਾਰ , ਮਹਿੰਦਰਪਾਲ, ਚੰਦਰਕਲਾ, ਪ੍ਰਮਿੰਦਰ ਕੌਰ, ਗੌਰਵ ਅਤੇ ਨਰਿੰਦਰ ਲਾਲ ਮੌਜੂਦ ਸਨ।