ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਲੇਖਕ ਵਫ਼ਦ ਨੂੰ ਮਿਲ਼ਿਆ ਇੰਗਲੈਂਡ ਦੀ ਪਾਰਲੀਮੈਂਟ ਜਾਣ ਦਾ ਸੁਭਾਗ
ਲੁਧਿਆਣਾਃ 23 ਜੂਨ(ਵਿਸ਼ਵ ਵਾਰਤਾ)-ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਬਰਤਾਨੀਆ ਵੱਸਦੇ ਉੱਘੇ ਪੰਜਾਬੀ ਲੇਖਕਾਂ ਕੁਲਵੰਤ ਕੌਰ ਢਿੱਲੋਂ, ਬਲਵਿੰਦਰ ਸਿੰਘ ਚਾਹਲ ਤੇ ਭਾਰਤ ਤੋਂ ਗਏ ਹਿੰਦੀ ਲੇਖਕ ਸੁਭਾਸ਼ ਭਾਸਕਰ ਨੂੰ ਮੈਂਬਰ ਆਫ ਪਾਰਲੀਮੈਂਟ ਈਲਿੰਗ ਲੰਡਨ ਵਰਿੰਦਰ ਸ਼ਰਮਾ ਦੁਆਰਾ ਭੇਜੇ ਗਏ ਸੱਦੇ ਸਦਕਾ ਇੰਗਲੈਂਡ ਦੀ ਪਾਰਲੀਮੈਂਟ ਵੈਸਟ ਮਿਨਸਟਰ ਹਾਲ ਵਿੱਚ ਜਾਣ ਦਾ ਮੌਕਾ ਮਿਲਿਆ।
ਇਹ ਬਰਤਾਨੀਆ ਦੇ ਸ਼ਾਹੀ ਘਰਾਣੇ ਦਾ ਮਹਿਲ ਹੈ ਜੋ ਹੁਣ ਪਾਰਲੀਮੈਂਟ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਮਹਿਲ ਇੱਥੋਂ ਦੀਆਂ ਸਭ ਤੋਂ ਪੁਰਾਣੀਆਂ ਇਮਾਰਤਾਂ ਵਿੱਚੋਂ ਇੱਕ ਹੈ। ਸ਼ਰਮਾ ਜੀ ਦੀ ਸੈਕਟਰੀ ਮਿਸ ਕੈਥੀ ਨੇ ਲੇਖਕਾਂ ਦੇ ਇਸ ਵਫ਼ਦ ਨੂੰ ਇਸ ਮਹਿਲ ਬਾਰੇ ਬਹਤੁ ਰੌਚਿਕ ਜਾਣਕਾਰੀ ਦਿੱਤੀ। ਉਸਦੇ ਬਾਅਦ ਸ਼ਰਮਾ ਜੀ ਨੇ ਹੋਰ ਵੀ ਕਈ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਜਿਵੇਂ ਕੇ ਇਸ ਮਹਿਲ ਦੀ ਕਲਾਤਮਿਕਤਾ ,ਇੱਥੋਂ ਦੀ ਲੋਕਤੰਤਰਿਕ ਨੀਤੀ, ਇਸਦੇ ਇਤਿਹਾਸ ਬਾਰੇ, ਨਾਲ ਲੱਗਦੇ ਥੇਮਸ ਦਰਿਆ ਬਾਰੇ ਅਤੇ ਉਹਨਾਂ ਆਪਣੇ ਰਾਜਨੀਤਕ ਸਫਰ ਬਾਰੇ ਵੀ ਬੜੀਆਂ ਰੌਚਿਕ ਗੱਲਾਂ ਕੀਤੀਆਂ। ਸ਼੍ਰੀ ਵਰਿੰਦਰ ਸ਼ਰਮਾ ਜੀ ਨੇ ਬਿਨਾ ਕਿਸੇ ਰੋਕ ਟੋਕ ਤੇ ਝਿਜਕ ਦੇ ਆਪਣਿਆਂ ਵਾਂਗ ਮੋਹ ਭਰੀਆਂ ਗੱਲਾਂ ਕੀਤੀਆਂ। ਉਹਨਾਂ ਦਾ ਗੱਲ ਕਰਨ ਦਾ ਅੰਦਾਜ਼, ਪਿਆਰ, ਸਨੇਹ ਅਤੇ ਬਿਨਾ ਕਿਸੇ ਤਰ੍ਹਾਂ ਦੀ ਹਉਮੈ ਜਾਂ ਦੂਰੀ ਤੋਂ ਆਪਣਿਆਂ ਵਾਂਗ ਵਿਚਰਨਾ ਇੰਝ ਲੱਗ ਰਿਹਾ ਸੀ ਜਿਵੇਂ ਉਹ ਚਿਰਾਂ ਤੋਂ ਜਾਣਦੇ ਹੋਣ।
ਉਹਨਾਂ ਆਪਣੇ ਦਫਤਰ ਦਾ ਨਾ ਸਿਰਫ਼ ਚੱਕਰ ਲਗਵਾਇਆ ਸਗੋਂ ਉੱਥੇ ਬੈਠ ਇੱਕ ਵਾਰ ਫਿਰ ਲੰਮੀਆਂ ਗੱਲਾਂ ਕੀਤੀਆਂ। ਦਫ਼ਤਰ ਵਿੱਚ ਉਹਨਾਂ ਨੂੰ “ਇਟਲੀ ਵਿੱਚ ਸਿੱਖ ਫੌਜੀ” ਕਿਤਾਬ ਦੀਆਂ ਤਿੰਨੋ ਕਾਪੀਆਂ ਪੰਜਾਬੀ, ਹਿੰਦੀ ਤੇ ਅੰਗਰੇਜੀ ਭੇਂਟ ਕੀਤੀਆਂ। ਬਲਵਿੰਦਰ ਸਿੰਘ ਚਾਹਲ ਸਮੇਤ ਸੁਭਾਸ਼ ਭਾਸਕਰ ਜੀ( ਜਿਹਨਾਂ ਇਸ ਕਿਤਾਬ ਨੂੰ ਹਿੰਦੀ ਵਿੱਚ ਅਨੁਵਾਦ ਕੀਤਾ )ਅਤੇ ਕੁਲਵੰਤ ਕੌਰ ਢਿੱਲੋਂ ਨੇ ਇਸ ਇਤਿਹਾਸਿਕ ਦਸਤਾਵੇਜ ਅਤੇ ਸਾਹਿਤ ਵਾਰੇ ਵਰਿੰਦਰ ਸ਼ਰਮਾ ਜੀ ਨਾਲ ਬਹੁਤ ਸਾਰੇ ਵਿਚਾਰ ਸਾਂਝੇ ਕੀਤੇ।। ਇਸਦੇ ਨਾਲ ਸ਼ਰਮਾ ਜੀ ਅਤੇ ਕੁਲਵੰਤ ਕੌਰ ਢਿੱਲੋਂ ਨੂੰ ਫੁਲਕਾਰੀ ਨਾਲ ਸਨਮਾਨਿਤ ਵੀ ਕੀਤਾ ਗਿਆ।
ਇਹ ਪਲ ਜਿੱਥੇ ਖੁਸ਼ੀ ਵਾਲੇ ਸਨ ਉੱਥੇ ਮਾਣਮੱਤੇ ਵੀ ਰਹੇ ਜਦੋਂ ਐਮ ਪੀ ਵਰਿੰਦਰ ਸ਼ਰਮਾ ਜੀ ਨੇ ਮਿਲਣ ਗਏ ਇਨਾਂ ਸਾਹਿਤਕਾਰਾਂ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕੇ ਲੇਖਕਾਂ ਦੁਆਰਾ ਰਚਿਆ ਗਿਆ ਸਾਹਿਤ ਹੀ ਕਿਸੇ ਦੇਸ਼, ਕੌਮ ਜਾਂ ਸਮਾਜ ਦੀ ਪੈਰਵਾਈ ਕਰਦਾ ਉਸਨੂੰ ਸਮੇਂ ਦੇ ਹਾਣੀ ਬਣਾਉਂਦਾ ਹੈ।