ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਅਹੁਦੇਦਾਰਾਂ ਦੀ ਚੋਣ 30 ਜਨਵਰੀ ਨੂੰ
ਪੰਜਾਬੀ ਭਵਨ ਲੁਧਿਆਣਾ ਵਿਖੇ
ਲੁਧਿਆਣਾ : 18 ਦਸੰਬਰ (ਵਿਸ਼ਵ ਵਾਰਤਾ)
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਅਤੇ
ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਨੇ ਦਸਿਆ ਕਿ ਪੰਜਾਬੀ ਸਾਹਿਤ ਅਕਾਡਮੀ
ਦੇ ਪ੍ਰਬੰਧਕੀ ਬੋਰਡ ਨੇ ਅਹੁਦੇਦਾਰਾਂ ਦੀਆਂ ਦੋ-ਸਾਲਾ (2022-2024) ਚੋਣ 30 ਜਨਵਰੀ,
2022 ਦਿਨ ਐਤਵਾਰ ਨੂੰ, ਪੰਜਾਬੀ ਭਵਨ ਲੁਧਿਆਣਾ ਵਿਚ ਹੋਵੇਗੀ।
ਅਕਾਡਮੀ ਦੇ ਸੰਵਿਧਾਨ ਅਨੁਸਾਰ ਜਨਰਲ ਕਾਉਂਸਲ ਵੱਲੋਂ ਪ੍ਰਧਾਨ – 1, ਸੀਨੀਅਰ ਮੀਤ
ਪ੍ਰਧਾਨ – 1, ਮੀਤ ਪ੍ਰਧਾਨ – 5 (ਜਿਨ੍ਹਾਂ ਵਿੱਚੋਂ ਇੱਕ ਪੰਜਾਬ ਤੇ ਚੰਡੀਗੜ੍ਹ ਤੋਂ
ਬਾਹਰਲ, ਮੈਂਬਰਾਂ ਵਿੱਚੋਂ ਹੋਵੇਗਾ), ਜਨਰਲ ਸਕੱਤਰ – 1, ਪ੍ਰਬੰਧਕੀ ਬੋਰਡ ਦੇ ਮੈਂਬਰ
-15 (ਜਿਨ੍ਹਾਂ ਵਿੱਚੋਂ ਘੱਟੋ ਘੱਟ ਇੱਕ ਮੈਂਬਰ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ
ਇੱਕ ਮੈਂਬਰ ਬਾਕੀ ਭਾਰਤ ਵਿਚੋਂ ਅਤੇ ਦੋ ਇਸਤ੍ਰੀਆਂ ਵਿੱਚੋਂ ਹੋਣਗੇ)
ਡਾ. ਕੁਲਦੀਪ ਸਿੰਘ ਅਤੇ ਸ. ਹਕੀਕਤ ਸਿੰਘ ਮਾਂਗਟ ਹੋਰਾਂ ਦਸਿਆ ਕਿ ਉਪਰੋਕਤ ਅਹੁਦਿਆਂ
ਲਈ ਉਮੀਦਵਾਰ ਆਪੋ ਆਪਣੇ ਨਾਮਜ਼ਦਗੀ ਪੱਤਰ ਮੁਕੰਮਲ ਕਰਕੇ ਮੈਨੂੰ ਰਜਿਸਟਰਡ ਡਾਕ ਰਾਹੀਂ
ਜਾਂ ਹੱਥੀਂ ਹੇਠ ਲਿਖੇ ਪਤੇ ’ਤੇ ਮਿਤੀ 16 ਜਨਵਰੀ, 2022 ਤੋਂ 20 ਜਨਵਰੀ, 2022 ਸ਼ਾਮ
4 ਵਜੇ ਤਕ ਨਿਰੰਤਰਤਾ ਫ਼ੀਸ ਰਸੀਦ ਸਮੇਤ ਪਹੁੰਚਾ ਦੇਣ। ਇਸ ਤੋਂ ਪਿੱਛੋਂ ਪੁੱਜਣ ਵਾਲੇ
ਨਾਮਜ਼ਦਗੀ ਪੱਤਰ ਪ੍ਰਵਾਨ ਨਹੀਂ ਕੀਤੇ ਜਾਣਗੇ। ਬੇਨਤੀ ਹੈ ਕਿ ਨਾਮਜ਼ਦਗੀ ਪੱਤਰ ਵਿਚ
ਉਮੀਦਵਾਰ, ਤਜ਼ਵੀਜ ਕਰਤਾ ਅਤੇ ਤਾਈਦ ਕਰਤਾ ਆਪਣੇ ਫ਼ੋਨ/ਮੋਬਾਈਲ ਨੰਬਰ ਲਿਖਣ ਦੀ ਖੇਚਲ
ਕਰਨ।
ਉਨ੍ਹਾਂ ਦਸਿਆ ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ 21 ਜਨਵਰੀ, 2022 ਨੂੰ ਸਵੇਰ, 11 ਵਜੇ
ਤੋਂ ਦੁਪਹਿਰ 03 ਵਜੇ ਤੱਕ ਪੰਜਾਬੀ ਭਵਨ ਦੇ ਦਫ਼ਤਰ ਵਿੱਚ ਹੋਵੇਗੀ ਅਤੇ ਚੋਣ ਲਈ ਪ੍ਰਵਾਨ
ਹੋਏ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰਾਂ ਨੂੰ ਖੁੱਲ੍ਹ
ਹੋਵੇਗੀ ਕਿ ਜੇ ਉਹ ਚੋਣ ਵਿੱਚ ਭਾਗ ਨਾ ਲੈਣਾ ਚਾਹੁੰਦੇ ਹੋਣ ਤਾਂ 23 ਜਨਵਰੀ, 2022,
ਸ਼ਾਮ 4.00 ਵਜੇ ਤੱਕ ਆਪਣਾ ਨਾਮ ਵਾਪਿਸ ਲੈ ਸਕਦੇ ਹਨ। ਉਮੀਦਵਾਰੀਆਂ ਬਾਰੇ ਜੇ ਕੋਈ
ਇਤਰਾਜ਼ ਹੋਵੇ ਤਾਂ ਉਹ ਵੀ 24 ਜਨਵਰੀ, 2022, ਸ਼ਾਮ 4.00 ਵਜੇ ਤੱਕ ਕੀਤੇ ਜਾ ਸਕਦੇ ਹਨ।
ਉਪਰੰਤ ਚੋਣ ਮੈਦਾਨ ਵਿਚ ਰਹਿ ਗਏ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ
ਜਾਵੇਗੀ। ਇਸ ਸਮਾਂ ਸੀਮਾਂ ਤੋਂ ਬਾਅਦ ਕੋਈ ਉਮੀਦਵਾਰ ਆਪਣਾ ਨਾਮ ਵਾਪਿਸ ਨਹੀਂ ਲੈ
ਸਕੇਗਾ ਅਤੇ ਸਭ ਉਮੀਦਵਾਰਾਂ ਨੂੰ ਚੋਣ ਪ੍ਰਕਿਰਿਆ ਵਿਚੋਂ ਗੁਜ਼ਰਨਾ ਪਵੇਗਾ ਅਤੇ ਇਸ ਤੋਂ
ਬਾਅਦ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕੇਗਾ।
ਚੋਣ ਗੁਪਤ ਵੋਟਾਂ ਰਾਹੀਂ ਐਤਵਾਰ 30 ਜਨਵਰੀ, 2022 ਨੂੰ ਸਵੇਰੇ 08 ਵਜੇ ਤੋਂ ਬਾਅਦ
ਦੁਪਹਿਰ 04 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ ਅਤੇ ਉਸੇ ਦਿਨ ਸੰਭਵਤਾ
ਵੋਟਾਂ ਦੀ ਗਿਣਤੀ ਕਰਕੇ ਸਾਰੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।