ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਇਹ ਸਾਲ ਸੱਯਦ ਵਾਰਿਸ ਸ਼ਾਹ ਦੀ ਤੀਸਰੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਰਾਂਗੇ- ਲਖਵਿੰਦਰ ਜੌਹਲ
ਲੁਧਿਆਣਾ,2 ਮਾਰਚ(ਵਿਸ਼ਵ ਵਾਰਤਾ)ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਪਲੇਠੀ ਇਕੱਤ੍ਰਤਾ ਵਿੱਚ ਪੰਜਾਬੀ ਭਵਨ, ਲੁਧਿਆਣਾ ਵਿਖੇ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਅਕਾਡਮੀ ਦੇ ਨਵ-ਨਿਯੁਕਤ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼ਾਮਲ ਹੋਏ। ਇਕੱਤ੍ਰਤਾ ਵਿਚ ਪਿਛਲੇ ਸਮੇਂ ਦੌਰਾਨ ਵਿਛੜ ਚੁੱਕੇ ਲੇਖਕ ਮੈਂਬਰਾਂ ਅਤੇ ਉਨ੍ਹਾਂ ਦੇ ਸਕੇ ਸੰਬੰਧੀਆਂ ਬਾਰੇ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਮੀਟਿੰਗ ਦੌਰਾਨ 2021 ਵਿਚ ਭਾਰਤੀ ਸਾਹਿਤ ਅਕਾਡਮੀ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਜਨਾਬ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ ‘ਸੂਲਾਂ ਦਾ ਸਾਲਣ’’’ਤੇ ਪੁਰਸਕਾਰ ਦੇਣ ਤੇ ਅਕਾਡਮੀ ਵੱਲੋਂ ਵਧਾਈ ਦਿੱਤੀ ਗਈ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂਸਾਹਿਤਕਾਰਾਂ, ਕਲਾ ਪ੍ਰੇਮੀਆਂ ਨੂੰ ਗੌਰਵ ਪੰਜਾਬ ਦਾ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਗਈ। 2022-2024 ਦੋ ਸਾਲਾਂ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਗਤੀ ਵਿਧੀਆਂ,ਸਰਗਰਮੀਆਂ, ਸੈਮੀਨਾਰ, ਕਾਨਫ਼ੰਰਸ, ਸਾਹਿਤ ਉਤਸਵ, ਰੂ-ਬ-ਰੂ ਸਮਾਗਮਾਂ ਲਈ ਸਰਬਸੰਮਤੀ ਨਾਲ ਕਮੇਟੀਆਂ ਦਾ ਗਠਿਨ ਕੀਤਾ ਗਿਆ ਤੇ ਕਮੇਟੀਆਂ ਦੇ ਕਨਵੀਨਰ ਥਾਪ ਕੇ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਅਕਾਡਮੀ ਦੇ ਪ੍ਰੋਗਰਾਮ ਕਰਨ ਲਈ ਬੇਨਤੀ ਕੀਤੀ ਗਈ।
ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਜੀ ਨੇ ਪ੍ਰਬੰਧਕੀ ਬੋਰਡ ਲਈ ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਤਿੰਨ ਸ਼ਖ਼ਸੀਅਤਾਂ ਡਾ. ਸ. ਪ. ਸਿੰਘ ਜੀ ਸਾਬਕਾ
ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਸਤਨਾਮ ਮਾਣਕ
ਤੇ , ਨਾਮਵਰ ਕਹਾਣੀ ਲੇਖਕ ਸ੍ਰੀ ਸੁਖਜੀਤ ਮਾਛੀਵਾੜਾ ਨੂੰ ਦੋ ਸਾਲ ਲਈ ਕਾਰਜਕਾਰਨੀ ਦਾ ਮੈਂਬਰ ਨਾਮਜ਼ਦ ਕੀਤਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਦੀ ਸਿਫ਼ਾਰਸ਼ ’ਤੇ ਪ੍ਰਬੰਧਕੀ ਬੋਰਡ ਨੇ ਸਰਬਸੰਮਤੀ ਨਾਲ ਤਿੰਨ ਸਕੱਤਰ ਡਾ. ਗੁਰਚਰਨ ਕੌਰ ਕੋਚਰ, ਸ. ਬਲਦੇਵ ਸਿੰਘ ਝੱਜ ਸਕੱਤਰ, ਸ੍ਰੀ ਕੇ. ਸਾਧੂ ਸਿੰਘ ਨਾਮਜ਼ਦ ਕੀਤਾ ਗਿਆ।
ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਇਹ ਐਲਾਨ ਕੀਤਾ ਕਿ ਸਾਲ 2022 ਨੂੰ ਕਿੱਸਾ ਕਵਿਤਾ ਦੇ ਸਿਰਮੌਰ ਹਸਤਾਖ਼ਰ ਸੱਯਦ ਵਾਰਿਸ ਸ਼ਾਹ ਦੀ 300 ਵੀਂ ਵਰੇਗੰਢ ਨੂੰ ਸਮਰਪਿਤ ਕੀਤਾ ਜਾਵੇਗਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਕੰਮਕਾਜ ਅਤੇ ਗਤੀ ਵਿਧੀਆਂ ਨੂੰ ਉਸਾਰੂ ਰੂਪ
ਨਾਲ ਚਲਾਉਣ ਲਈ ਪ੍ਰਬੰਧਕੀ ਬੋਰਡ ਵੱਲੋਂ ਨਿੱਗਰ ਸੁਝਾਅ ਦਿੱਤੇ ਗਏ ਅਤੇ ਅਕਾਡਮੀ ਦੇ ਖੁੱਲ੍ਹੇ ਰੰਗਮੰਚ ’ਚ ਹਰ ਮਹੀਨੇ ਇਕ ਪੰਜਾਬੀ ਨਾਟਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਅਕਾਡਮੀ ਨੂੰ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਨਾਲ ਜੋੜਨਾ ਚਾਹੀਦਾ ਹੈ। ਇਸ ਲਈ ਠੋਸ ਪ੍ਰੋਗਰਾਮ ਉਲੀਕੇ
ਗਏ। ਇਸ ਸੰਬੰਧ ਵਿਚ 19 ਮਾਰਚ 2022, ਦਿਨ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ‘ਪੰਜਾਬੀ ਮਾਤ ਭਾਸ਼ਾ ਮੇਲੇ’ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਵਿਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਕਰਵਾਏ ਜਾਣਗੇ।
ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਸਾਹਿਤ ਅਕਾਡਮੀ ਦੇ ਮੈਂਬਰਾ ਤੋਂ ਨਿਰੰਤਰਤਾ ਫੀਸ ਨਾ ਲੈਣ ਤੇ ਪੈਣ ਵਾਲਾ ਘਾਟਾ ਪੂਰਨ ਲਈ ਇਕ ਲੱਖ ਅਤੇ ਅਕਾਡਮੀ ਵਿੱਚ ਕੈਮਰੇ ਲਗਾਉਣ ਲਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਨੇੜ ਭਵਿੱਖ ਵਿੱਚ ਪ੍ਰਬੰਧ ਕਰਨ ਦੀ ਪੇਸ਼ਕਸ਼ ਕੀਤੀ।
ਇਸ ਇਕੱਤਰਤਾ ਵਿੱਚ ਅਕਾਡਮੀ ਦੀਆਂ ਪ੍ਰਕਾਸ਼ਨਾਵਾਂ ਨੂੰ ਨਵੇਂ ਸਿਰੇ ਤੋਂ ਵਿਉਂਤਣ ਲਈ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਦੀ ਚੇਅਰਮੈਨ ਸ਼ਿਪ ਹੇਠ ਕਮੇਟੀ ਦਾ ਗਠਨ ਕੀਤਾ ਗਿਆ। ਬਦ਼ੁਰਗ ਲਿਖਾਰੀ ਸਃ ਰਘਬੀਰ ਸਿੰਘ ਭਰਤ ਮਾਛੀਵਾੜਾ ਵੱਲੋਂ ਪੋਠੋਹਾਰੀ ਲੋਕ ਗੀਤਾਂ ਦੇ ਸੰਗ੍ਰਹਿ ਅਤੇ ਜਾਃ ਗੁਰਦੇਵ ਸਿੰਘ ਸਿੱਧੂ ਵੱਲੋਂ ਪੰਜਾਬੀ ਕਿੱਸਾ ਕਾਵਿ ਸੂਚੀ ਦੇ ਪ੍ਰਕਾਸ਼ਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਪਿਛਲੀ ਟੀਮ ਵਿੱਚ ਸ਼ਾਮਿਲ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਤੇ ਜਨਰਲ ਸਕੱਤਰ ਡਾਃ ਸੁਰਜੀਤ ਵੱਲੋਂ ਕੀਤੇ ਪ੍ਰਕਾਸ਼ਨ ਕਾਰਜਾਂ, ਆਲੋਚਨਾ ਮੈਗਜ਼ੀਨ ਦੀ ਪ੍ਰਕਾਸ਼ਨਾ, ਸਰਗਰਮੀਆਂ ਲਈ ਕਰੋਨਾ ਸੰਕਟ ਦੇ ਬਾਵਜੂਦ ਕਾਰਜ ਕਰਨ ਦੀ ਸ਼ਲਾਘਾ ਕੀਤੀ ਗਈ।