ਪੰਜਾਬੀ ਗਾਇਕਾ ਜੈਨੀ ਜੌਹਲ ਨੇ ਨਵੇਂ ਗੀਤ ਰਾਂਹੀ ਸੀਐੱਮ ਭਗਵੰਤ ਮਾਨ ਕੋਲੋਂ ਸਿੱਧੂ ਮੂਸੇਵਾਲਾ ਲਈ ਮੰਗਿਆ ਇਨਸਾਫ਼
ਪੜ੍ਹੋ ‘ਲੈਟਰ ਟੂ ਸੀਐੱਮ’ ਗੀਤ ਵਿੱਚ ਮੁੱਖ ਮੰਤਰੀ ਨੂੰ ਪੁੱਛੇ ਕਿਹੜੇ ਸਵਾਲ?
ਚੰਡੀਗੜ੍ਹ, 8ਅਕਤੂਬਰ(ਵਿਸ਼ਵ ਵਾਰਤਾ)- ਪੰਜਾਬੀ ਗਾਇਕਾ ਜੈਨੀ ਜੌਹਲ ਨੇ ਆਪਣੇ ਨਵੇਂ ਗਾਣੇ ‘ਲੈਟਰ ਟੂ ਸੀਐੱਮ’ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਸੰਬੋਧਨ ਕਰਦਿਆਂ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਗੀਤ ਦਾ ਟਾਇਟਲ ‘ਲੈਟਰ ਟੂ ਸੀਐੱਮ’ ਹੈ ਅਤੇ ਗੀਤ ਵਿੱਚ ਗਾਇਕਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਸਿੱਧੂ ਦੇ ਕਤਲ ਨੂੰ 4ਮਹੀਨੇ ਬੀਤ ਚੁੱਕੇ ਹਨ, ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ! ਗੀਤ ਦੇ ਬੋਲ ਜੈਨੀ ਜੌਹਲ ਨੇ ਖੁਦ ਲਿਖੇ ਹਨ ਅਤੇ ਗੀਤ ਵਿੱਚ ਸਿੱਧੂ ਦੀ ਸੁਰੱਖਿਆ ਦੀ ਖ਼ਬਰ ਮੀਡੀਆ ਵਿੱਚ ਲੀਕ ਹੋਣ ਦਾ ਮੁੱਦਾ ਵੀ ਜੋਰ ਸ਼ੋਰ ਨਾਲ ਚੁੱਕਦਿਆਂ ਸਵਾਲ ਕੀਤਾ ਹੈ ਕੀ ਲਿਸਟ ਜਨਤਕ ਕਰਨ ਵਾਲੇ ਦਾ ਅਜੇ ਤੱਕ ਖੁਲਾਸਾ ਕਿਉਂ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਸਿਹਤ ਅਤੇ ਸੁਰੱਖਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਸਭ ਤੋਂ ਇਲਾਵਾ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਕਸਟੱਡੀ ਵਿੱਚੋਂ ਫਰਾਰ ਹੋਣ ਨੂੰ ਲੈ ਕੇ ਵੀ ਪ੍ਰਸ਼ਾਸ਼ਨ ਨੂੰ ਨਿਸ਼ਾਨੇ ਤੇ ਲਿਆ ਹੈ। ਇਸ ਗੀਤ ਨੂੰ ਸਿੱਧੂ ਦੇ ਚਾਹੁਣ ਵਾਲਿਆਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ ਅਤੇ ਰਿਲੀਜ਼ ਹੋਣ ਦੇ ਮਹਿਜ਼ ਕੁਝ ਘੰਟਿਆਂ ਦੇ ਅੰਦਰ ਹੀ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਕੁਮੈਟਾਂ ਵਿੱਚ ਵੀ ਲੋਕ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਨੇੜਲੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ ਅਤੇ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਕੋਲੋਂ ਪੰਜਾਬ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੱਸ ਦੱਈਏ ਕਿ ਪੁਲਿਸ ਨੇ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਾਉਣ ਵਾਲੇ ਸਾਰੇ ਸ਼ਾਰਪ ਸ਼ੂਟਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ 2 ਸ਼ਾਰਪ ਸ਼ੂਟਰਾਂ ਨੂੰ ਪੁਲਿਸ ਮੁਕਾਬਲੇ ਵਿੱਚ ਢੇਰ ਵੀ ਕਰ ਦਿੱਤਾ ਸੀ। ਪਰ ਕਤਲ ਦੇ ਮੁੱਖ ਸਾਜਿਸ਼ਘਾੜਿਆਂ ਦੇ ਅਜੇ ਤੱਕ ਪੁਲਿਸ ਗ੍ਰਿਫਤ ਵਿੱਚੋਂ ਬਾਹਰ ਹੋਣ ਨੂੰ ਲੈ ਕੇ ਸਿੱਧੂ ਦੇ ਮਾਪਿਆਂ ਤੇ ਹੋਰ ਚਾਹੁਣ ਵਾਲਿਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ।