ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫਸੋਸ ਦਾ ਪ੍ਰਗਟਾਵਾ
ਲੁਧਿਆਣਾਃ 3 ਜੂਨ(ਵਿਸ਼ਵ ਵਾਰਤਾ)-ਦੋਆਬੇ ਦੇ ਪ੍ਰਮੁੱਖ ਪੰਜਾਬੀ ਕਵੀ ਭਜਨ ਸਿੰਘ ਵਿਰਕ ਦਾ ਕੱਲ੍ਹ ਉਨ੍ਹਾਂ ਦੇ ਪਿੰਡ ਵਿਰਕਾਂ(ਨੇੜੇ ਗੁਰਾਇਆ) ਜਲੰਧਰ ਵਿਖੇ ਆਪਣੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਦਿਲ ਦੀ ਧੜਕਣ ਬੰਦ ਹੋਣ ਕਾਰਨ ਦੇਹਾਂਤ ਹੋ ਗਿਆ ਹੈ। 3 ਜੂਨ 1943 ਨੂੰ ਜਨਮੇ ਸਃ ਵਿਰਕ ਵਿਗਿਆਨ ਦੇ ਸਕੂਲ ਅਧਿਆਪਕ ਸਨ। ਸਃ ਵਿਰਕ ਦੇ ਨਿਕਟਵਰਤੀ ਪਰਿਵਾਰ ਚੋਂ ਸ਼ਾਹਬਾਜ਼ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 5ਜੂਨ ਨੂੰ ਉਨ੍ਹਾਂ ਦੇ ਬੱਚਿਆਂ ਦੇ ਅਮਰੀਕਾ ਤੋਂ ਪਰਤਣ ਉਪਰੰਤ ਕੀਤਾ ਜਾਵੇਗਾ।
ਭਜਨ ਸਿੰਘ ਵਿਰਕ ਨੂੰ ਕੁਝ ਸਮਾਂ ਪਹਿਲਾਂ ਹੀ ਸਿਰਜਣਾ ਕੇਂਦਰ ਕਪੂਰਥਲਾ ਵੱਲੋਂ ਕੰਵਰ ਇਮਤਿਆਜ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪ੍ਰੋਃ ਗਿੱਲ ਨੇ ਕਿਹਾ ਕਿ ਸਃ ਵਿਰਕ ਸਹਿਜ ਤੇ ਸੁਹਜ ਦੇ ਸੁਮੇਲ ਵਾਲੇ ਧੀਮੇ ਕਵੀ ਸਨ ਪਰ ਸਿਰਜਣਸ਼ੀਲਤਾ ਵਿੱਚ ਉਹ ਪੂਰੀ ਉਮਰ ਕਰਮਸ਼ੀਲ ਰਹੇ। ਉਨ੍ਹਾਂ ਦੀਆਂ ਕਾਵਿ ਪੁਸਤਕਾਂ ਉਦਾਸ ਮੌਸਮ, ਅਹਿਸਾਸ ਦੀ ਅੱਗ,ਸਰਾਪੇ ਪਲ,
ਸੂਰਜ ਅਤੇ ਸਿੱਜਦਾ,ਜ਼ਿੰਦਗੀ ਖ਼ੁਦਕੁਸ਼ੀ ਨਹੀਂ,ਗ਼ਜ਼ਲ ਸੰਗ੍ਰਹਿ
ਪੀੜ ਦਾ ਦਰਿਆ,ਡਾਚੀਆਂ ਦੀ ਪੈੜ
ਧੁੱਪਾਂ ਚ ਤੁਰਦਿਆਂ,ਗਿਰਝਾਂ ਹਵਾਲੇ
ਮੱਥੇ ਵਿਚਲਾ ਤਰਕਸ਼,ਚਾਮ੍ਹਲੀ ਹੋਈ ਬਦੀ ,ਅਨਫੋਲੇ ਵਰਕੇ,
ਉਲਝੇ ਤੰਦ,ਬਰਬਾਦੀਆਂ ਦਾ ਮੰਜ਼ਰ,ਸਪਤਰਿਸ਼ੀ ਤੇ ਅੱਖਰ ਅੱਖਰ ਸੂਰਜ ਇਸ ਗੱਲ ਦਾ ਪ੍ਰਮਾਣ ਹੈ।