ਔਰਤਾਂ ਨਾਲ ਬਦਸਲੂਕੀ ਸਵੀਕਾਰਯੋਗ ਨਹੀਂ
ਚੰਡੀਗੜ੍ਹ/26 ਮਾਰਚ( ਵਿਸ਼ਵ ਵਾਰਤਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਫਿਰ ਦੁਹਰਾਇਆ ਹੈ ਕਿ ਉਹਨਾਂ ਦੀ ਪਾਰਟੀ ਕਰੋਨਾਵਾਇਰਸ ਮਹਾਮਾਰੀ ਖ਼ਿਲਾਫ ਲੜਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾਰੇ ਉਸਾਰੂ ਉਪਰਾਲਿਆਂ ਦੀ ਹਮਾਇਤ ਕਰਦੀ ਹੈ, ਪਰ ਉਹਨਾਂ ਨੇ ਪੰਜਾਬ ਸਰਕਾਰ ਦੁਆਰਾ ਆਪਣੇ ਮਹਾਮਾਰੀ ਵਿਰੋਧੀ ਕਦਮਾਂ ਨੂੰ ਲਾਗੂ ਕਰਨ ਲਈ ਵਿਖਾਈ ਜਾ ਰਹੀ ਸੰਵੇਦਨਹੀਣਤਾ ਦਾ ਸਖ਼ਤ ਵਿਰੋਧ ਕੀਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਚਾਨਕ ਲਾਏ ਗਏ ਇਸ ਕਰਫਿਊ ਲਈ ਤਿਆਰ ਨਹੀਂ ਸਨ, ਜਿਸ ਕਰਕੇ ਉਹ ਹੈਰਾਨੀ ਦੀ ਅਵਸਥਾ ਵਿਚ ਹਨ। ਉਹਨਾਂ ਕਿਹਾ ਕਿ ਮੈਂ ਇਸ ਮਸਲੇ ਦੀ ਗੰਭੀਰਤਾ ਨੂੰ ਸਮਝਦਾ ਹਾਂ, ਸਰਕਾਰ ਨੂੰ ਇਹਨਾਂ ਉਪਰਾਲਿਆਂ ਨੂੰ ਸੰਵੇਦਨਸ਼ੀਲਤਾ ਨਾਲ ਲਾਗੂ ਕਰਨਾ ਚਾਹੀਦਾ ਸੀ, ਨਾ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਾਸ ਕਰਕੇ ਔਰਤਾਂ ਖ਼ਿਲਾਫ ਕਰੂਰ ਤਾਕਤ ਦਾ ਇਸਤੇਮਾਲ ਕਰਨਾ ਚਾਹੀਦਾ ਸੀ। ਔਰਤਾਂ ਨੂੰ ਡੰਡ ਬੈਠਕਾਂ ਕੱਢਣ ਲਈ ਮਜ਼ਬੂਰ ਕਰਨਾ ਸਾਡੇ ਸੱਭਿਆਚਾਰ ਦੇ ਖ਼ਿæਲਾਫ ਹੈ। ਇੱਥੇ ਇਹ ਕੰਮ ਪੁਰਸ਼ ਪੁਲਿਸ ਕਰਮਚਾਰੀਆਂ ਨੇ ਕਰਵਾਇਆ ਹੈ। ਇਹ ਬਿਲਕੁੱਲ ਵੀ ਸਵੀਕਾਰਯੋਗ ਨਹੀਂ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਰਫਿਊ ਦੇ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਹੋਰ ਵੀ ਬਹੁਤ ਸਾਰੇ ਮਨੋਵਿਗਿਆਨਕ, ਪ੍ਰੈਕਟੀਕਲ ਅਤੇ ਕਾਨੂੰਨੀ ਢੰਗ ਸਨ। ਇਸ ਵਾਸਤੇ ਉਹਨਾਂ ਅਣਖੀਲੇ ਪੰਜਾਬੀਆਂ ਨੂੰ ਜਲੀਲ ਕਰਨ ਦੀ ਲੋੜ ਨਹੀਂ ਸੀ, ਜਿਹੜੇ ਵੱਡੀ ਗਿਣਤੀ ਵਿਚ ਸਰਕਾਰ ਦੇ ਨਿਰਦੇਸ਼ਾਂ ਪ੍ਰਤੀ ਪੂਰਾ ਸਹਿਯੋਗ ਕਰਦੇ ਆ ਰਹੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਇੰਨੀ ਲੰਬੀ ਦੇਰ ਵਾਸਤੇ ਕੋਈ ਵੀ ਕਰਫਿਊ ਲੋਕਾਂ ਦੇ ਸਹਿਯੋਗ ਨਾਲ ਹੀ ਲਾਗੂ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮੀਡੀਆ, ਖਾਸ ਕਰਕੇ ਇਲੈਕਟ੍ਰੋਨਿਕ ਅਤੇ ਆਨਲਾਇਨ ਮੀਡੀਆ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਨਾ ਕਿ ਲੋਕਾਂ ਅੰਦਰ ਡਰ ਅਤੇ ਨਿਰਾਸ਼ਤਾ ਪੈਦਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਦੇ ਯਤਨਾਂ ਦੀ ਹਮਾਇਤ ਕਰਦੇ ਹਾਂ ਪਰ ਇਸ ਵਾਸਤੇ ਇਸਤੇਮਾਲ ਕੀਤੇ ਜਾ ਰਹੇ ਢੰਗ ਤਰੀਕਿਆਂ ਨਾਲ ਸਹਿਮਤ ਨਹੀਂ ਹਾਂ। ਇਹਨਾਂ ਤਰੀਕਿਆਂ ਨੂੰ ਬਦਲਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੇ ਨਿਯਮਾਂ ਦੀ ਪਾਲਣਾ ਵਿਚ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਦੇਣ। ਉਹਨਾਂ ਕਿਹਾ ਕਿ ਇਸ ਚੁਣੌਤੀਪੂਰਨ ਸਮੇਂ ਵਿਚ ਘਰ ਵਿਚ ਰਹਿਣਾ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਦੇਖਭਾਲ ਕਰਨਾ ਸਾਡੇ ਆਪਣੇ ਫਾਇਦੇ ਵਿਚ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਸਰੋਤਾਂ ਤੋਂ ਪਤਾ ਚੱਲਿਆ ਹੈ ਕਿ ਸਰਕਾਰ ਵੱਲੋਂ ਜਰੂਰੀ ਵਸਤਾਂ ਦੀ ਸਪਲਾਈ ਸੰਬੰਧੀ ਕੀਤੇ ਜਾ ਰਹੇ ਦਾਅਵੇ ਵੀ ਅੰਸ਼ਿਕ ਰੂਪ ਵਿਚ ਹੀ ਸੱਚੇ ਹਨ। ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਤਕ ਜਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਉਹ ਸਾਰੇ ਚੈਨਲਾਂ ਦਾ ਇਸਤੇਮਾਲ ਕਰੇ।ਉਹਨਾਂ ਕਿਹਾ ਕਿ ਪੰਜਾਬੀ ਸਰਕਾਰ ਦੇ ਫੈਸਲਿਆਂ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨਗੇ , ਪਰ ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਹਿਮਤੀ ਭਰਿਆ ਸਹਿਯੋਗ ਕਿਵੇਂ ਲੈਣਾ ਹੈ?
ਅਕਾਲੀ ਦਲ ਪ੍ਰਧਾਨ ਨੇ ਅੱਗੇ ਕਿਹਾ ਕਿ ਗਰੀਬਾਂ ਅਤੇ ਖਾਸ ਕਰਕੇ ਦਿਹਾੜੀਦਾਰਾਂ ਨੂੰ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਚੁਣੌਤੀ ਦੀ ਘੜੀ ਵਿਚ ਗਰੀਬਾਂ ਅਤੇ ਲੋੜਵੰਦਾਂ ਦੀ ਮੱਦਦ ਲਈ ਸਰਕਾਰ ਨੂੰ ਤੁਰੰਤ ਪ੍ਰਭਾਵਸ਼ਾਲੀ ਕਦਮ ਉਠਾਉਣੇ ਚਾਹੀਦੇ ਹਨ। ਸਰਕਾਰ ਨੂੰ ਅਜਿਹੇ ਉਸਾਰੂ ਤਰੀਕੇ ਲੱਭਣੇ ਚਾਹੀਦੇ ਹਨ, ਜਿਹਨਾਂ ਨਾਲ ਗਰੀਬਾਂ ਦੀ ਮੱਦਦ ਹੋਵੇ ਅਤੇ ਉਹ ਬਦਲੇ ਵਿਚ ਨਿਯਮਾਂ ਨੂੰ ਲਾਗੂ ਕਰਨ ਵਿਚ ਸਰਕਾਰ ਦੀ ਮੱਦਦ ਕਰਨ।
ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਕਣਕ ਦੀ ਵਾਢੀ ਅਤੇ ਖਰੀਦ ਵਿਚ ਕਿਸਾਨਾਂ ਦੀ ਮੱਦਦ ਲਈ ਤੁਰੰਤ ਪ੍ਰਭਾਵਸ਼ਾਲੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ। ਸਾਹਮਣੇ ਦਿਸ ਰਹੀ ਮੁਸੀਬਤ ਨੇ ਕਿਸਾਨਾਂ ਦੀ ਨੀਂਦ ਉਡਾ ਰੱਖੀ ਹੈ, ਕਿਉਂਕਿ ਇਸ ਨਾਲ ਉਹਨਾਂ ਦੀਆਂ ਆਰਥਿਕ ਲੋੜਾਂ ਜੁੜੀਆਂ ਹਨ। ਉਹਨਾਂ ਨੂੰ ਕਣਕ ਦੀ ਵਾਢੀ ਕਰਨੀ ਪੈਣੀ ਹੈ, ਸਿਰਫ ਆਪਣੇ ਲਈ ਹੀ ਨਹੀਂ ਪੂਰੇ ਦੇਸ਼ ਦਾ ਢਿੱਡ ਭਰਨ ਲਈ ਅਜਿਹਾ ਕਰਨਾ ਜਰੂਰੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਫੂਡ ਸਪਲਾਈ ਦੀ ਕੜੀ ਕਿਸੇ ਵੀ ਹਾਲਤ ਵਿਚ ਟੁੱਟਣੀ ਨਹੀਂ ਚਾਹੀਦੀ। ਜੇਕਰ ਅਜਿਹਾ ਵਾਪਰ ਗਿਆ ਤਾਂ ਇਹ ਗੱਲ ਦੇਸ਼ ਲਈ ਬਹੁਤ ਹੀ ਤਬਾਹਕੁੰਨ ਹੋ ਸਕਦੀ ਹੈ। ਸਰਦਾਰ ਬਾਦਲ ਨੇ ਪੰਜਾਬ ਸਰਕਾਰ ਤੋਂ ਕਿਸਾਨਾਂ ਦੀ ਮੱਦਦ ਲਈ ਤੁਰੰਤ ਵਿੱਤੀ ਸਹਾਇਤਾ ਦੀ ਮੰਗ ਕੀਤੀ, ਜਿਸ ਨੂੰ ਬਾਅਦ ਵਿਚ ਕਿਸ਼ਤਾਂ ਵਿਚ ਵਾਪਸ ਲਿਆ ਜਾ ਸਕਦਾ ਹੈ।
ਸਰਦਾਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਵੱਲੋਂ ਲਏ ਸਾਰੇ ਕਰਜ਼ਿਆ ਦੀ ਉਗਰਾਹੀ ਨੂੰ ਤੁਰੰਤ ਬੰਦ ਕਰਨ ਦਾ ਹੁਕਮ ਜਾਰੀ ਕਰਨ, ਕਿਉਂਕਿ ਮੌਜੂਦਾ ਸਥਿਤੀ ਵਿਚ ਕੋਈ ਵੀ ਕਿਸਾਨ ਕਰਜ਼ਾ ਮੋੜਣ ਦੀ ਹਾਲਤ ਵਿਚ ਨਹੀਂ ਹੋਵੇਗਾ। ਉਹਨਾਂ ਨੇ ਪੰਜਾਬ ਦੇ ਸਾਰੇ ਖੇਤ ਮਜ਼ਦੂਰਾਂ ਨੂੰ ਤੁਰੰਤ ਰਾਹਤ ਦੇਣ ਦੀ ਮੰਗ ਕੀਤੀ।
ਸਾਬਕਾ ਉਪ ਮੁੱਖ ਮੰਤਰੀ ਨੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਨੂੰ ਲਾਗੂ ਕਰਨ ਵਿਚ ਸਰਕਾਰ ਨੂੰ ਸਹਿਯੋਗ ਦੇਣ। ਹੁਣ ਡਰਨ ਦੀ ਨਹੀਂ, ਸਗੋਂ ਧਿਆਨ ਰੱਖਣ ਦੀ ਲੋੜ ਹੈ। ਅਸੀੰ ਆਪਣੇ ਰਵਾਇਤੀ ਜੋਸ਼ ਅਤੇ ਇੱਛਾ ਸ਼ਕਤੀ ਨਾਲ ਕਰੋਨਾ ਨੂੰ ਹਰਾ ਦਿਆਂਗੇ। ਸਾਨੂੰ ਆਪਣੇ ਪਰਿਵਾਰਾਂ, ਬਜ਼ੁਰਗਾਂ ਅਤੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਸਮਾਂ ਡਰਨ ਦਾ ਨਹੀਂ ਸਗੋਂ ਸਾਵਧਾਨੀ ਵਰਤਣ ਦਾ ਹੈ।