ਲੋੜਵੰਦਾਂ ਲਈ ਰਾਸ਼ਨ ਦੀਆਂ ਸੱਤ ਗੱਡੀਆਂ ਤੋਰੀਆਂ
ਅੰਮ੍ਰਿਤਸਰ, 20 ਮਈ ( ਵਿਸ਼ਵਵਾਰਤਾ )-ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਰਫਿਊ ਦੇ ਚੱਲਦੇ ਜਰੂਰਤ ਮੰਦ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਜਿਲਾ ਪ੍ਰਸ਼ਾਸ਼ਨ ਦੀ ਅਗਵਾਈ ਹੇਠ ਕੀਤੇ ਜਾ ਰਹੇ ਕੰਮਾਂ ਉਤੇ ਸੰਤਸ਼ੁਟੀ ਪ੍ਰਗਟ ਕਰਦੇ ਕਿਹਾ ਕਿ ਜਿਲੇ ਦੇ ਸਾਰੇ ਅਧਿਕਾਰੀ ਲੋੜਵੰਦ ਲੋਕਾਂ ਦੀ ਮਦਦ ਵਿਚ ਲੱਗੇ ਹੋਏ ਹਨ। ਅੱਜ ਅੰਮ੍ਰਿਤਸਰ ਕੇਂਦਰੀ ਹਲਕੇ ਦੀਆਂ ਬਾਹਰਲੀਆਂ ਵਾਰਡਾਂ ਦੇ 2000 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਦੀਆਂ 7 ਗੱਡੀਆਂ ਨੂੰ ਤੋਰੀਆਂ।
ਸ੍ਰੀ ਸੋਨੀ ਨੇ ਦੱਸਿਆ ਕਿ ਇਸ ਮਾਹਮਾਰੀ ਦੌਰਾਨ ਪੰਜਾਬ ਸਰਕਾਰ ਵਲੋਂ ਲੋੜਵੰਦਾ ਲਈ ਅਨੇਕਾਂ ਉਪਰਾਲੇ ਕੀਤੇ ਗਏ ਹਨ। ਉਨਾਂ ਕਿਹਾ ਕਿ ਕਿਸੇ ਵੀ ਪਰਿਵਾਰ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਉਨਾ ਵਲੋਂ ਰੋਜ਼ਾਨਾ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਭੇਜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਵਾਰਡਾਂ ਦੇ ਸਬੰਧਤ ਕੌਂਸਲਰਾਂ ਵਲੋਂ ਵੀ ਕਾਫ਼ੀ ਮਿਹਨਤ ਕੀਤੀ ਗਈ ਹੈ। ਜਿਸ ਲਈ ਉਹ ਪ੍ਰਸੰਸਾਂ ਦੇ ਹੱਕਦਾਰ ਹਨ। ਉਨਾਂ ਕਿਹਾ ਕਿ ਕੌਂਸਲਰਾਂ ਵਲੋਂ ਘਰ ਘਰ ਜਾ ਕੇ ਲੋੜਵੰਦਾ ਨੂੰ ਰਾਸ਼ਨ ਪਹੁੰਚਾਇਆ ਹੈ।
ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬੀਆਂ ਨੇ ਕੋਰੋਨਾ ਨੂੰ ਪੂਰੀ ਤਰਾਂ ਮਾਤ ਦਿੱਤੀ ਹੈ ਅਤੇ ਹੁਣ ਕੋਰੋਨਾ ਪਾਜਿਟਿਵ ਮਰੀਜਾਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਦੇ ਤਿੰਨੇ ਮੈਡੀਕਲ ਕਾਲਜਾਂ ਵਿਚ ਲਗਭਗ 40 ਹਜ਼ਾਰ ਦੇ ਕਰੀਬ ਕੋਰੋਨਾ ਟੈਸਟ ਕੀਤੇ ਗਏ ਸਨ ਅਤੇ ਹੁਣ ਪਾਜਟਿਵ ਮਰੀਜਾਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕਰਨ ਅਤੇ ਸ਼ੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ। ਸ੍ਰੀ ਸੋਨੀ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਜਾ ਕੇ ਆਪਣਾ ਟੈਸਟ ਕਰਵਾ ਸਕਦਾ ਹੈ। ਉਨਾਂ ਦੱਸਿਆ ਕਿ ਸਰਕਾਰ ਵਲੋਂ ਕੋਰੋਨਾ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ।
ਇਸ ਮੌਕੇ ਡਿਪਟੀ ਮੇਅਰ ਸ੍ਰੀ ਯੁਨਸ ਕੁਮਾਰ , ਕੌਂਸਲਰ ਸ੍ਰੀ ਵਿਕਾਸ ਸੋਨੀ, ਕੌਂਸਲਰ ਤਾਹਿਰ ਸ਼ਾਹ, ਸ: ਸਰਬਜੀਤ ਸਿੰਘ ਲਾਟੀ, ਸ੍ਰੀ ਧਰਮਵੀਰ ਸਰੀਨ, ਰਮਨ ਬਾਬਾ, ਰਾਘਵ ਸੋਨੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜਰ ਸਨ।