ਪੰਚਕੂਲਾ ‘ਚ ਬਜ਼ੁਰਗ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਦੋਸ਼ੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਚੰਡੀਗੜ੍ਹ, 27ਨਵੰਬਰ (ਵਿਸ਼ਵ ਵਾਰਤਾ)- ਪੰਚਕੂਲਾ ਵਿੱਚ ਘਰ ਦੇ ਬਾਹਰ ਸੈਰ ਤੇ ਜਾ ਰਹੇ ਇੱਕ ਬਜ਼ੁਰਗ ਦੀ ਛੜੀ ਇਨੋਵਾ ਕਾਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ਚਾਲਕ ਨੇ ਬਜ਼ੁਰਗ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਿਆ। ਲੋਕ ਸਮਝਾਉਂਦੇ ਰਹੇ ਪਰ ਡਰਾਈਵਰ ਨੇ ਇਕ ਨਾ ਸੁਣੀ। ਬਜੁਰਗ ਉਸ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਰਿਹਾ। ਪਰ ਡਰਾਈਵਰ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਘਟਨਾ ਦੀ ਵੀਡੀਓ ਵਾਇਰਲ ਹੋਣ ‘ਤੇ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਸੈਕਟਰ-11 ਦੇ ਰਹਿਣ ਵਾਲੇ ਦੋਸ਼ੀ ਮਨੋਜ ਕੁਮਾਰ ਨੂੰ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ। 70 ਸਾਲਾ ਰਾਮ ਸਵਰੂਪ ਕਾਲੜਾ ਸੈਕਟਰ-11 ਦਾ ਰਹਿਣ ਵਾਲਾ ਹੈ।ਘਟਨਾ ਤੋਂ ਚਾਰ ਦਿਨ ਬਾਅਦ ਜਦੋਂ ਇਹ ਵੀਡੀਓ ਡੀਜੀਪੀ ਕੋਲ ਪਹੁੰਚੀ ਤਾਂ ਉਨ੍ਹਾਂ ਤੁਰੰਤ ਇਸ ਦਾ ਨੋਟਿਸ ਲਿਆ। ਉਨ੍ਹਾਂ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ। ਪੁਲੀਸ ਵੀ ਸਰਗਰਮ ਹੋ ਗਈ ਅਤੇ ਸ਼ਾਮ ਤੱਕ ਸੈਕਟਰ-5 ਥਾਣਾ ਪੁਲੀਸ ਨੇ ਮੁਲਜ਼ਮ ਮਨੋਜ ਨੂੰ ਗ੍ਰਿਫ਼ਤਾਰ ਕਰਕੇ ਆਈਪੀਸੀ ਦੀ ਧਾਰਾ 323, 294 ਅਤੇ 506 ਤਹਿਤ ਕੇਸ ਦਰਜ ਕਰ ਲਿਆ। ਉਹ ਇੱਕ ਬੀਮਾ ਕੰਪਨੀ ਵਿੱਚ ਸਰਵੇਅਰ ਹੈ।