ਅੱਜ ਹੋਵੇਗਾ ਪੰਜਾਬ ਮੰਤਰੀ ਮੰਡਲ ਦਾ ਵਿਸਥਾਰ
ਪੜ੍ਹੋ, ਪੰਜਾਬ ਦੇ ਨਵੇਂ ਬਣ ਰਹੇ ਮੰਤਰੀਆਂ ਦਾ ਲੇਖਾ-ਜੋਖਾ
ਮੰਤਰੀ ਮੰਡਲ ‘ਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ 4 ਜੱਟ ਸਿੱਖ, 3 ਹਿੰਦੂ ਤੇ 4 ਦਲਿਤ ਚਿਹਰੇ
2 ਡਾਕਟਰ ਅਤੇ ਇੱਕ ਸੇਵਾਮੁਕਤ ਅਧਿਕਾਰੀ ਵੀ ਹੈ ਸ਼ਾਮਲ
ਚੰਡੀਗੜ੍ਹ, 19ਮਾਰਚ(ਵਿਸ਼ਵ ਵਾਰਤਾ)- ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪਹਿਲੇ ਮੰਤਰੀ ਮੰਡਲ ਦਾ ਵਿਸਥਾਰ ਅੱਜ 19 ਮਾਰਚ ਨੂੰ ਹੋਣ ਜਾ ਰਿਹਾ ਹੈ। ਸਵੇਰੇ 11 ਵਜੇ 10 ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਗਮ ਰਾਜ ਭਵਨ ਚੰਡੀਗੜ੍ਹ ਵਿਖੇ ਹੋਵੇਗਾ। ਦੱਸ ਦੱਈਏ ਕਿ ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ‘ਤੇ ਆਪਣੇ ਨਵੇਂ ਮੰਤਰੀਆਂ ਦੀ ਸੂਚੀ ਸਾਂਝੀ ਕੀਤੀ ਹੈ। ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਆਪ ਸਰਕਾਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ 4 ਜੱਟ ਸਿੱਖ, 3 ਹਿੰਦੂ ਅਤੇ 4 ਦਲਿਤ ਮੰਤਰੀ ਹੋਣਗੇ। ਇਸ ਤੋਂ ਇਲਾਵਾ ਕੋਟਕਪੂਰਾ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਕੁਲਤਾਰ ਸੰਧਵਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਨਾਮਜ਼ਦ ਕੀਤਾ ਗਿਆ ਹੈ।
ਜਿਨ੍ਹਾਂ ਵਿਧਾਇਕਾਂ ਨੂੰ ਭਗਵੰਤ ਮਾਨ ਵੱਲੋਂ ਮੰਤਰੀ ਮੰਡਲ ਵਿੱਚ ਜਗ੍ਹਾ ਦਿੱਤੀ ਗਈ ਹੈ, ਉਨ੍ਹਾਂ ਵਿੱਚ ਹਰਪਾਲ ਸਿੰਘ ਚੀਮਾ, ਡਾ: ਬਲਜੀਤ ਕੌਰ, ਹਰਭਜਨ ਸਿੰਘ ਈ.ਟੀ.ਓ., ਡਾ: ਵਿਜੇ ਸਿੰਗਲਾ, ਗੁਰਮੀਤ ਸਿੰਘ ਮੀਤ ਹੇਅਰ, ਹਰਜੋਤ ਸਿੰਘ ਬੈਂਸ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਸ. ਲਾਲਜੀਤ ਸਿੰਘ ਭੁੱਲਰ ਅਤੇ ਬ੍ਰਹਮ ਸ਼ੰਕਰ (ਜ਼ਿੰਪਾ)। ਇਸ ਦੇ ਨਾਲ ਹੀ ਨਵ-ਨਿਯੁਕਤ ਮੰਤਰੀਆਂ ਵਿੱਚ ਇੱਕ ਮਹਿਲਾ ਡਾ: ਬਲਜੀਤ ਕੌਰ ਵੀ ਸ਼ਾਮਲ ਹੈ। ਦੱਸ ਦੱਈਏ ਕਿ ਨਵੇਂ ਮੰਤਰੀਆਂ ਵਿੱਚ ਮਲੋਟ ਦੀ ਵਿਧਾਇਕਾ ਬਲਜੀਤ ਕੌਰ ਅਤੇ ਮਾਨਸਾ ਦੇ ਵਿਧਾਇਕ ਵਿਜੇ ਸਿੰਗਲਾ ਦੇ ਰੂਪ ਵਿੱਚ ਦੋ ਡਾਕਟਰ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਜੰਡਿਆਲਾ ਤੋਂ ਵਿਧਾਇਕ ਹਰਭਜਨ ਸਿੰਘ ਦੇ ਰੂਪ ਵਿੱਚ ਸੇਵਾਮੁਕਤ ਅਧਿਕਾਰੀ ਵੀ ਮੰਤਰੀਆਂ ਵਿੱਚ ਸ਼ਾਮਲ ਹੋਣਗੇ। ਹਰਭਜਨ ਸਿੰਘ ਈਟੀਓ ਦੇ ਅਹੁਦੇ ਤੋਂ ਸੇਵਾਮੁਕਤ ਹਨ।
ਪੜ੍ਹੋ, ਪੰਜਾਬ ਦੇ ਨਵੇਂ ਬਣ ਰਹੇ ਮੰਤਰੀਆਂ ਦਾ ਲੇਖਾ-ਜੋਖਾ👇👇👇👇👇👇👇
ਹਰਪਾਲ ਸਿੰਘ ਚੀਮਾ-ਮਾਲਵਾ ਖੇਤਰ ਦੀ ਦਿੜ੍ਹਬਾ ਸੀਟ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ,27 ਜੁਲਾਈ 2018 ਤੋਂ 11 ਮਾਰਚ 2022 ਤੱਕ ਵਿਰੋਧੀ ਧਿਰ ਦੇ ਨੇਤਾ,ਪੰਜਾਬੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਪਾਸ ਕੀਤੀ
ਡਾ.ਬਲਜੀਤ ਕੌਰ– ਮਾਲਵਾ ਖੇਤਰ ਦੇ ਮਾਨਸਾ ਜ਼ਿਲ੍ਹੇ ਦੀ ਮਾਨਸਾ ਸੀਟ ਤੋਂ ਜਿੱਤੇ,ਅੱਖਾਂ ਦੇ ਮਾਹਿਰ, ‘ਆਪ’ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੀ ਧੀ,3 ਮਹੀਨੇ ਪਹਿਲਾਂ ਸਰਕਾਰੀ ਨੌਕਰੀ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋਏ ਸਨ
ਹਰਭਜਨ ਸਿੰਘ ਈਟੀਓ-ਮਾਝਾ ਖੇਤਰ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਜੰਡਿਆਲਾ ਸੀਟ ਤੋਂ ਜਿੱਤੇ,2012 ਵਿੱਚ ਪੀਸੀਐਸ ਦੀ ਪ੍ਰੀਖਿਆ ਪਾਸ ਕਰਕੇ ਈਟੀਓ ਬਣੇ, 2017 ਵਿੱਚ ਸਵੈ-ਇੱਛਾ ਨਾਲ ਸੇਵਾਮੁਕਤ ਹੋਏ।,2017 ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਕੇ ਚੋਣ ਲੜੇ, ਤੀਜੇ ਨੰਬਰ ‘ਤੇ ਰਹੇ
ਡਾ.ਵਿਜੇ ਸਿੰਗਲਾ– ਪੰਜਾਬ ਦੇ ਮਾਲਵਾ ਖੇਤਰ ਦੀ ਮਾਨਸਾ ਸੀਟ ਤੋਂ ਜਿੱਤੇ,ਪੇਸ਼ੇ ਤੋਂ ਦੰਦਾਂ ਦੇ ਡਾਕਟਰ ਸਿੰਗਲਾ ਨੇ ਸਿੱਧੂ ਮੂਸੇਵਾਲਾ ਨੂੰ ਹਰਾਇਆ।
ਲਾਲ ਚੰਦ ਕਟਾਰੂਚੱਕ-ਪੰਜਾਬ ਦੇ ਮਾਝਾ ਖੇਤਰ ਦੀ ਭੋਆ ਸੀਟ ਤੋਂ ਜਿੱਤੇ,ਸਮਾਜ ਸੇਵਕ ਲਾਲਚੰਦ ਨੇ ਕਾਂਗਰਸ ਦੇ ਜੋਗਿੰਦਰ ਪਾਲ ਨੂੰ ਹਰਾਇਆ
ਗੁਰਮੀਤ ਸਿੰਘ ਮੀਤ ਹੇਅਰ– ਪੀਟੀਯੂ ਜਲੰਧਰ ਤੋਂ 2012 ਵਿੱਚ ਬੀ.ਟੈਕ ਪਾਸ, ਮਾਲਵੇ ਦੀ ਬਰਨਾਲਾ ਸੀਟ ਤੋਂ ਅਕਾਲੀ ਦਲ ਦੇ ਕੁਲਵੰਤ ਕੀਤੂ ਨੂੰ ਹਰਾਇਆ।
ਕੁਲਦੀਪ ਸਿੰਘ ਧਾਲੀਵਾਲ-ਪੇਸ਼ੇ ਤੋਂ ਕਿਸਾਨ ਰਹੇ, 10ਵੀਂ ਤੱਕ ਕੀਤੀ ਹੈ ਪੜ੍ਹਾਈ ,ਮਾਝੇ ਦੀ ਅਜਨਾਲਾ ਸੀਟ ਤੋਂ ਅਕਾਲੀ ਉਮੀਦਵਾਰ ਨੂੰ ਹਰਾਇਆ
ਲਾਲਜੀਤ ਸਿੰਘ ਭੁੱਲਰ-ਲਾਲਜੀਤ ਕਿੱਤੇ ਵਜੋਂ ਖੇਤੀ ਮਾਹਿਰ ਅਤੇ ਕਮਿਸ਼ਨ ਏਜੰਟ,ਮਾਝੇ ਦੀ ਪੱਟੀ ਸੀਟ ਤੋਂ ਏ.ਪੀ.ਕੈਰੋਂ ਨੂੰ ਹਰਾਇਆ।
ਬ੍ਰਹਮ ਸ਼ੰਕਰ (ਜ਼ਿੰਪਾ)-12ਵੀਂ ਪਾਸ ਬ੍ਰਹਮਸ਼ੰਕਰ ਦਾ ਹੈ ਆਪਣਾ ਕਾਰੋਬਾਰ, ਦੋਆਬੇ ਦੀ ਹੁਸ਼ਿਆਰਪੁਰ ਸੀਟ ਤੋਂ ਸੁੰਦਰ ਸ਼ਾਮ ਅਰੋੜਾ ਨੂੰ ਹਰਾਇਆ।
ਹਰਜੋਤ ਸਿੰਘ ਬੈਂਸ– ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਪੜ੍ਹੇ ਹਨ, ਦੋਆਬੇ ਦੀ ਆਨੰਦਪੁਰ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਨੂੰ ਹਰਾਇਆ।
ਇਹ ਗੱਲ ਵੀ ਵਰਨਣਯੋਗ ਹੈ ਕਿ ਮੰਤਰੀ ਬਣ ਰਹੇ ਇਨ੍ਹਾਂ 10 ਵਿਧਾਇਕਾਂ ਵਿੱਚੋਂ ਹਰਪਾਲ ਸਿੰਘ ਚੀਮਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਦੂਜੀ ਵਾਰ ਚੋਣ ਜਿੱਤੇ ਹਨ ਜਦਕਿ ਬਾਕੀ 8 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਵਿੱਚ ਪੁੱਜੇ ਹਨ। ਭਗਵੰਤ ਮਾਨ ਨੇ ਆਪਣੇ ਪਹਿਲੇ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਪੰਜਾਬ ਦੇ ਤਿੰਨੋਂ ਖੇਤਰਾਂ ਮਾਲਵਾ, ਮਾਝਾ ਅਤੇ ਦੋਆਬਾ ਵਿੱਚ ਸਿਆਸੀ ਸੰਤੁਲਨ ਬਣਾਉਣ ਦਾ ਪੂਰਾ ਧਿਆਨ ਰੱਖਿਆ ਹੈ। ਮੰਤਰੀ ਬਣਨ ਵਾਲੇ 10 ਵਿਧਾਇਕਾਂ ਵਿੱਚੋਂ 4 ਮਾਲਵਾ ਖੇਤਰ ਤੋਂ ਆਉਂਦੇ ਹਨ, ਜਿੱਥੇ ਪੰਜਾਬ ਵਿਧਾਨ ਸਭਾ ਦੀਆਂ 117 ਵਿੱਚੋਂ 69 ਸੀਟਾਂ ਆਉਂਦੀਆਂ ਹਨ। ਇਨ੍ਹਾਂ ਚਾਰ ਮੰਤਰੀਆਂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਵੀ ਮਾਲਵਾ ਖੇਤਰ ਦੇ ਸੰਗਰੂਰ ਜ਼ਿਲ੍ਹੇ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ‘ਆਪ’ ਨੇ ਇਸ ਵਾਰ ਮਾਲਵੇ ਦੀਆਂ ਇਨ੍ਹਾਂ 69 ਵਿੱਚੋਂ 66 ਸੀਟਾਂ ਜਿੱਤੀਆਂ ਹਨ। ਇਸ ਦੇ ਨਾਲ ਹੀ 25 ਵਿਧਾਨ ਸਭਾ ਸੀਟਾਂ ਵਾਲੇ ਮਾਝਾ ਖੇਤਰ ਦੇ ਚਾਰ ਵਿਧਾਇਕ ਵੀ ਮੰਤਰੀ ਵਜੋਂ ਸਹੁੰ ਚੁਕਣਗੇ । ਮੰਤਰੀ ਬਣੇ ਮਾਝਾ ਖੇਤਰ ਦੇ ਇਨ੍ਹਾਂ 4 ਵਿਧਾਇਕਾਂ ‘ਚੋਂ 2 ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜੰਡਿਆਲਾ ਅਤੇ ਅਜਨਾਲਾ ਸੀਟਾਂ ਤੋਂ ਹਨ, ਜਦਕਿ ਇਕ-ਇਕ ਵਿਧਾਇਕ ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਹੈ। ਇਸ ਤੋਂ ਇਲਾਵਾ 23 ਵਿਧਾਨ ਸਭਾ ਸੀਟਾਂ ਵਾਲੇ ਦੋਆਬਾ ਖੇਤਰ ਦੇ ਦੋ ਵਿਧਾਇਕ ਵੀ ਮੰਤਰੀ ਬਣਨਗੇ। ਮੰਤਰੀ ਬਣੇ ਦੋਆਬਾ ਦੇ ਦੋ ਵਿਧਾਇਕਾਂ ਵਿੱਚੋਂ ਬ੍ਰਹਮ ਸ਼ੰਕਰ (ਜ਼ਿੰਪਾ) ਹੁਸ਼ਿਆਰਪੁਰ ਸੀਟ ਤੋਂ ‘ਆਪ’ ਵਿਧਾਇਕ ਹਨ ਅਤੇ ਰੋਪੜ ਜ਼ਿਲ੍ਹੇ ਦੀ ਆਨੰਦਪੁਰ ਸਾਹਿਬ ਸੀਟ ਤੋਂ ਹਰਜੋਤ ਸਿੰਘ ਬੈਂਸ ਹਨ।