ਪੜ੍ਹੋ ਕੌਣ ਹਨ ਸਿਹਤ ਮੰਤਰੀ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਅਸਤੀਫ਼ਾ ਦੇਣ ਵਾਲੇ ਡਾ.ਰਾਜ ਬਹਾਦਰ
11 ਹਜ਼ਾਰ ਤੋਂ ਵੀ ਵੱਧ ਰੀੜ੍ਹ ਦੀ ਹੱਡੀਆਂ ਦੀਆਂ ਸਰਜਰੀਆਂ ਕਰਨ ਤੋਂ ਇਲਾਵਾ ਮਹੱਤਵਪੂਰਨ ਅਹੁਦਿਆਂ ਤੇ ਨਿਭਾਅ ਚੁੱਕੇ ਹਨ ਸੇਵਾ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਇਸ ਚਾਂਸਲਰ ਨੂੰ ਗੰਦੇ ਬੈੱਡ ਤੇ ਲਿਟਾ ਦਿੱਤਾ। ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀਸੀ ਡਾ.ਰਾਜ ਬਹਾਦਰ ਨੇ ਆਪਣਾ ਅਸਤੀਫ਼ਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਦੱਸ ਦਈਏ ਕਿ ਡਾ.ਰਾਜ ਬਹਾਦਰ, ਇੱਕ ਆਰਥੋਪੀਡਿਕ ਸਰਜਨ, ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਾਈਸ ਚਾਂਸਲਰ (ਦੂਜੀ ਮਿਆਦ) ਅਤੇ ਮੋਹਾਲੀ ਵਿੱਚ ਸਥਿਤ ਰੀਜਨਲ ਸਪਾਈਨਲ ਇੰਜਰੀਜ਼ ਸੈਂਟਰ ਦੇ ਪ੍ਰੋਜੈਕਟ ਡਾਇਰੈਕਟਰ ਅਤੇ ਮੈਂਬਰ ਸਕੱਤਰ ਵੀ ਹਨ।
ਜਨਰਲ ਆਰਥੋਪੀਡਿਕ ਸਰਜਰੀ, ਆਰਥੋਪੀਡਿਕ ਐਜੂਕੇਸ਼ਨ, ਸਪਾਈਨਲ ਸਰਜਰੀ ਅਤੇ ਜੁਆਇੰਟ ਰਿਪਲੇਸਮੈਂਟ ਦੇ ਮੋਹਰੀ ਮਾਹਿਰ ਹੋਣ ਦੇ ਨਾਤੇ, ਉਹਨਾਂ ਨੇ ਚੰਡੀਗੜ੍ਹ ਸਥਿਤ (GMCH) ਸੈਕਟਰ 32 ਦੇ ਸਰਕਾਰੀ ਕਾਲਜ ਅਤੇ ਹਸਪਤਾਲ ਅਤੇ PGI ਵਿਖੇ 19 ਸਾਲਾਂ ਦੇ ਅਰਸੇ ਵਿੱਚ 11,500 ਤੋਂ ਵੱਧ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ ਅਤੇ ਰੀਜਨਲ ਸਪਾਈਨਲ ਇੰਜਰੀਜ਼ ਸੈਂਟਰ (RSIC) ਵਿਖੇ 500 ਤੋਂ ਵੱਧ ਰੀੜ੍ਹ ਦੀਆਂ ਸਰਜਰੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਪੇਂਡੂ ਅਤੇ ਸਰਹੱਦੀ ਖੇਤਰਾਂ ਵਿੱਚ ਰੀੜ੍ਹ ਦੀ ਹੱਡੀ ਦੀਆਂ 330 ਵੱਡੀਆਂ ਸੱਟਾਂ ਦਾ ਬਿਲਕੁਲ ਮੁਫਤ ਇਲਾਜ ਵੀ ਕੀਤਾ ਹੈ। ਉਹ ਰਾਸ਼ਟਰੀ ਮੈਡੀਕਲ ਕਮਿਸ਼ਨ ਅਤੇ ਮੈਡੀਕਲ ਐਡਵਾਇਜ਼ਰੀ ਕੌਂਸਲ ਦੇ ਮੈਂਬਰ ਵੀ ਚੁਣੇ ਗਏ ਸਨ।
ਉਹਨਾਂ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਦੇ ਬਦਲੇ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ 2016 ਅਤੇ 2021 ਵਿੱਚ ਦੋ ਵਾਰ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਮੈਡੀਸਨ ਦੇ ਖੇਤਰ ਵਿੱਚ ਮਿਸਾਲੀ ਸੇਵਾਵਾਂ ਲਈ “ਸਟੇਟ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੁੱਖ ਮੰਤਰੀ, ਹਰਿਆਣਾ ਦੁਆਰਾ “ਸਟੇਟ ਡਬਲ ਹੈਲੀਕਲ ਅਵਾਰਡ 2017” ਅਤੇ 2015 ਵਿੱਚ ਹਿਮਾਚਲ ਸਰਕਾਰ ਵੱਲੋਂ ਹਿਮਾਚਲ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਸਭ ਤੋਂ ਇਲਾਵਾ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਲੈ ਕੇ ਵਿਸ਼ਵ ਰੈੱਡ ਕਰਾੱਸ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।