ਮੰਤਰੀ ਮੰਡਲ ਵੱਲੋਂ ਨਵੀਂ ਆਬਕਾਰੀ ਨੀਤੀ ਨੂੰ ਮਿਲੀ ਪ੍ਰਵਾਨਗੀ
ਪੜ੍ਹੋ,ਨਵੀਂ ਆਬਕਾਰੀ ਨੀਤੀ ਤੋਂ ਬਾਅਦ ਕਿੰਨੇ ਫੀਸਦੀ ਘਟਣਗੇ ਪੰਜਾਬ ਵਿੱਚ ਸ਼ਰਾਬ ਅਤੇ ਬੀਅਰ ਦੇ ਰੇਟ
ਚੰਡੀਗੜ੍ਹ ਅਤੇ ਹਰਿਆਣਾ ਨਾਲੋਂ ਕਿੰਨੀ ਸਸਤੀ ਮਿਲੇਗੀ ਪੰਜਾਬ ਵਿੱਚ ਸ਼ਰਾਬ?
ਚੰਡੀਗੜ੍ਹ,9ਜੂਨ(ਵਿਸ਼ਵ ਵਾਰਤਾ)- ਬੀਤੇ ਕੱਲ੍ਹ ਸਿਵਲ ਸਕੱਤਰੇਤ ਵਿਖੇ ਹੋਈ ਪੰਜਾਬ ਵਜ਼ਾਰਤ ਦੀ ਬੈਠਕ ਵਿੱਚ ‘ਆਮ ਆਦਮੀ ਪਾਰਟੀ’ (ਆਪ) ਸਰਕਾਰ ਨੇ ਨਵੀਂ ਆਬਕਾਰੀ ਨੀਤੀ 2022-23 ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਹੁਣ ਪੰਜਾਬ ਵਿੱਚ ਸ਼ਰਾਬ ਗੁਆਂਢੀ ਸੂਬੇ ਹਰਿਆਣਾ ਤੋਂ ਸਸਤੀ ਸ਼ਰਾਬ ਮਿਲੇਗੀ। ਇਸ ਦੇ ਨਾਲ ਹੀ ਬੀਅਰ ਦੇ ਰੇਟ ਵੀ ਚੰਡੀਗੜ੍ਹ ਨਾਲੋਂ ਘੱਟ ਹੋਣਗੇ। ਪਰ,ਸ਼ਰਾਬ ਦੇ ਰੇਟ ਚੰਡੀਗੜ੍ਹ ਤੇ ਪੰਜਾਬ ਵਿੱਚ ਇੱਕੋ ਜਿਹੇ ਹੀ ਹੋਣਗੇ। ਇਹ ਨਵੀਂ 1 ਜੁਲਾਈ 2022 ਤੋਂ ਲਾਗੂ ਹੋਵੇਗੀ। ਇਸ ਦੇ ਨਾਲ ਹੀ ਪਿਛਲੀ ਕਾਂਗਰਸ ਸਰਕਾਰ ਦੀ ਲਾਇਸੈਂਸ ਪ੍ਰਣਾਲੀ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਸਰਕਾਰ ਇਸ ਦਾ ਟੈਂਡਰ ਲਵੇਗੀ। ਹਾਲਾਂਕਿ, ਇਸ ਫੈਸਲੇ ਤੋਂ ਛੋਟੇ ਠੇਕੇਦਾਰਾਂ ਨੂੰ ਬਾਹਰ ਰੱਖਿਆ ਜਾਵੇਗਾ।
ਕਿੰਨੇ ਫੀਸਦੀ ਸਸਤੀ ਹੋਵੇਗੀ ਸ਼ਰਾਬ!?
ਨਵੀਂ ਆਬਕਾਰੀ ਨੀਤੀ ਤੋਂ ਬਾਅਦ ਪੰਜਾਬ ‘ਚ ਸ਼ਰਾਬ 35 ਤੋਂ 60 ਫੀਸਦੀ ਤੱਕ ਸਸਤੀ ਹੋ ਜਾਵੇਗੀ। ਆਬਕਾਰੀ ਅਧਿਕਾਰੀਆਂ ਮੁਤਾਬਕ ਹਰਿਆਣਾ ਦੇ ਮੁਕਾਬਲੇ ਪੰਜਾਬ ਵਿੱਚ ਸ਼ਰਾਬ 10 ਤੋਂ 15 ਫੀਸਦੀ ਸਸਤੀ ਮਿਲੇਗੀ। ਪੰਜਾਬ ਵਿੱਚ ਇਸ ਵੇਲੇ ਬੀਅਰ ਦਾ ਰੇਟ 180 ਤੋਂ 200 ਰੁਪਏ ਪ੍ਰਤੀ ਬੋਤਲ ਹੈ। ਜੋ 120 ਤੋਂ 130 ਤੱਕ ਡਿੱਗ ਜਾਵੇਗਾ। ਚੰਡੀਗੜ੍ਹ ਵਿੱਚ ਬੀਅਰ ਦਾ ਰੇਟ 120 ਤੋਂ 150 ਰੁਪਏ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ (ਆਈਐਮਐਫਐਲ) ਦਾ ਰੇਟ ਇਸ ਵੇਲੇ 700 ਰੁਪਏ ਹੈ। ਇਹ 400 ਰੁਪਏ ਤੱਕ ਡਿੱਗ ਜਾਵੇਗਾ। ਚੰਡੀਗੜ੍ਹ ਵਿੱਚ ਇਸ ਦਾ ਰੇਟ 510 ਰੁਪਏ ਹੈ।
ਜਿਕਰਯੋਗ ਹੈ ਕਿ ਨਵੀਂ ਨੀਤੀ ਤਹਿਤ ਸਰਕਾਰ ਨੇ ਸੂਬੇ ਵਿੱਚ ਸ਼ਰਾਬ ਦੇ ਗਰੁੱਪਾਂ ਦੀ ਗਿਣਤੀ 750 ਤੋਂ ਘਟਾ ਕੇ 177 ਕਰ ਦਿੱਤੀ ਹੈ। ਇੱਕ ਗਰੁੱਪ ਹੁਣ 30 ਕਰੋੜ ਦਾ ਹੋਵੇਗਾ। ਪਹਿਲਾਂ ਇਹ 4 ਕਰੋੜ ਰੁਪਏ ਸੀ। ਉਨ੍ਹਾਂ ਦੀ ਟੈਂਡਰ ਨਿਲਾਮੀ ਹੋਵੇਗੀ। ਇਸ ਤੋਂ ਪਹਿਲਾਂ ਡਰਾਅ ਰਾਹੀਂ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ। ਹੁਣ ਡਿਸਟਿਲਰੀਆਂ, ਸ਼ਰਾਬ ਵੰਡਣ ਵਾਲੇ ਅਤੇ ਠੇਕੇ ਇੱਕ ਦੂਜੇ ਤੋਂ ਵੱਖ ਹੋ ਗਏ ਹਨ। ਪਹਿਲਾਂ ਉਹ ਖੁਦ ਸ਼ਰਾਬ ਵੇਚਦੇ ਸਨ। ਸਰਕਾਰ ਨੇ ਸੂਬੇ ਵਿੱਚ ਨਵੀਆਂ ਡਿਸਟਿਲਰੀਆਂ ਖੋਲ੍ਹਣ ਤੇ ਲੱਗੀ ਪਾਬੰਦੀ ਵੀ ਹਟਾ ਦਿੱਤੀ ਹੈ। ਸਰਕਾਰ ਨੇ ਪਿਛਲੇ ਸਾਲ 6158 ਕਰੋੜ ਰੁਪਏ ਦੇ ਮੁਕਾਬਲੇ 9647 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਹੈ।