‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰੋਜੈਕਟ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਪਹਿਲਾਂ ਵਾਂਗ ਡਿਊਟੀ ਨਿਭਾਉਣ ਦੇ ਨਿਰਦੇਸ਼
ਚੰਡੀਗੜ, 1 ਜੁਲਾਈ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਦਲੀਆਂ ਅਤੇ ਤਰੱਕੀਆਂ ਦੇ ਬਾਵਜੂਦ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰੋਜੈਕਟ ਵਿੱਚ ਬਤੌਰ ਜ਼ਿਲਾ ਕੋਆਰਡੀਨੇਟਰ, ਸਹਾਇਕ ਜ਼ਿਲਾ ਕੋਅਰਡੀਨੇਟਰ ਅਤੇ ਬਲਾਕ ਮਾਸਟਰ ਟ੍ਰੇਨਰ ਵਜੋਂ ਪਹਿਲਾਂ ਹੀ ਕੰਮ ਕਰਦੇ ਅਧਿਆਪਕਾਂ ਨੂੰ ਆਪਣੀਆਂ ਡਿਊਟੀਆਂ ਪਹਿਲਾਂ ਵਾਂਗ ਹੀ ਨਿਭਾਉਣ ਦੇ ਨਿਰਦੇਸ਼ ਦਿੱਤੇ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰੋਜੈਕਟ ਹੇਠ ਚੱਲ ਰਹੀਆਂ ਸਰਗਰਮੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਬੁਲਾਰੇ ਅਨੁਸਾਰ ਇਸ ਪ੍ਰੋਜੈਕਟ ਵਿੱਚ ਕੰਮ ਕਰ ਰਹੇ ਕਈ ਜ਼ਿਲਾ ਕੋਆਰਡੀਨੇਟਰਾਂ, ਸਹਾਇਕ ਜ਼ਿਲਾ ਕੋਅਰਡੀਨੇਟਰਾਂ ਅਤੇ ਬਲਾਕ ਮਾਸਟਰ ਟ੍ਰੇਨਰਾਂ ਬਦਲੀਆਂ ਅਤੇ ਤਰੱਕੀਆਂ ਹੋ ਗਈਆਂ ਹਨ ਅਤੇ ਇਹ ਅਧਿਆਪਕ ਨਵੇਂ ਸਟੇਸ਼ਨਾਂ ’ਤੇ ਹਾਜ਼ਰ ਹੋ ਗਏ ਹਨ। ਇਨਾਂ ਅਧਿਆਪਕਾਂ ਨੂੰ ਪਹਿਲਾਂ ਵਾਂਗ ‘ਪੜੋ ਪੰਜਾਬ, ਪੜਾਓ ਪੰਜਾਬ’ ਪ੍ਰੋਜੈਕਟ ਵਿੱਚ ਆਪਣੀ ਡਿਊਟੀ ਕਰਦੇ ਰਹਿਣ ਲਈ ਕਿਹਾ ਗਿਆ ਹੈ।
ਬੁਲਾਰੇ ਅਨੁਸਾਰ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ‘ਪੜੋ ਪੰਜਾਬ, ਪੜਾਓ ਪੰਜਾਬ’ (ਪ੍ਰਾਇਮਰੀ) ਪ੍ਰੋਜੈਕਟ ਹੇਠ ਕੰਮ ਕਰਦੇ ਅਧਿਆਪਕਾਂ ਨੂੰ ਹਾਜ਼ਰ ਕਰਵਾਉਣ ਉਪਰੰਤ ਤਰੁੰਤ ਫਰਗ ਕਰਨ ਅਤੇ ਉਨਾਂ ਨੂੰ ‘ਪੜੋ ਪੰਜਾਬ, ਪੜਾਓ ਪੰਜਾਬ’ (ਪ੍ਰਾਇਮਰੀ) ਪ੍ਰੋਜੈਕਟ ’ਤੇ ਡਿਊਟੀ ਲਈ ਹਾਜ਼ਰ ਹੋਣ ਲਈ ਆਖਣ। ਇਹ ਪ੍ਰੋਜੈਕਟ ਸਮੂਹ ਪ੍ਰਾਇਮਰੀ ਸਕੂਲਾ ਵਿੱਚ ਸਿੱਖਿਆ ਦੇ ਗੁਣਾਤਮਿਕ ਸੁਧਾਰ ਦੇ ਉਦੇਸ਼ ਲਈ ਚਲਾਇਆ ਜਾ ਰਿਹਾ ਹੈ।