ਪਟਿਆਲਾ, 11 ਮਈ ( ਵਿਸ਼ਵ ਵਾਰਤਾ )-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੁੰਗਰ ਨੇ ਪ੍ਰਸਿੱਧ ਪੰਜਾਬੀ ਲੇਖਕ ਤੇ ਕਵੀ ਪਦਮਸ਼੍ਰੀ ਸ. ਸੁਰਜੀਤ ਸਿੰਘ ਪਾਤਰ ਦੇ ਅਕਾਲ ਚਲਾਣੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ. ਪਾਤਰ ਨੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ, ਅਤੇ ਸਾਹਿਤ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਆਪਣੇ ਨਾਮ ਕੀਤੀਆਂ, ਜਿਸ ਨੂੰ ਦੇਖਦਿਆਂ ਹੋਇਆਂ ਸੁਰਜੀਤ ਪਾਤਰ ਨੂੰ 2012 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ ਅਨੇਕਾਂ ਨਾਮਵਰ ਐਵਾਰਡ ਪ੍ਰਾਪਤ ਕਰਨ ਦਾ ਮਾਣ ਵੀ ਸੁਰਜੀਤ ਪਾਤਰ ਦੇ ਹਿੱਸੇ ਆਇਆ ਹੈ ਜਿਨਾਂ ਵਿੱਚੋਂ 1979 ਵਿੱਚ ਪੰਜਾਬ ਸਾਹਿਤ ਅਕਾਦਮੀ ਅਵਾਰਡ, 1993 ਵਿੱਚ ਸਾਹਿਤ ਅਕਾਦਮੀ ਅਵਾਰਡ, 1999 ਵਿੱਚ ਪੰਚਾਨੰਦ ਐਵਾਰਡ, 2007 ਵਿੱਚ ਅਨਦ ਕਾਵਯ ਸਨਮਾਨ, 2009 ਵਿੱਚ ਸਰਸਵਤੀ ਸਨਮਾਨ ਅਤੇ ਗੰਗਾਧਰ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨ ਕੀਤੇ ਗਏ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਇਨੇ ਨਾਮਵਰ ਪੁਰਸਕਾਰ ਪ੍ਰਾਪਤ ਕਰਨ ਦੇ ਨਾਲ ਨਾਲ ਸੁਰਜੀਤ ਪਾਤਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਦੇ ਅਹੁਦੇ ਦੀ ਵੀ ਬਾਖੂਬੀ ਜਿੰਮੇਵਾਰੀ ਨਿਭਾਈ ਤੇ ਵੱਖ ਵੱਖ ਨਾਮਵਰ ਸੰਸਥਾਵਾਂ ਵਿੱਚ ਵੀ ਕੰਮ ਕੀਤਾ।
ਉਨਾਂ ਦੱਸਿਆ ਕਿ ਜਨਵਰੀ 1945 ਵਿੱਚ ਜਲੰਧਰ ਦੇ ਪੱਤੜ ਕਲਾਂ ਪਿੰਡ ਵਿੱਚ ਜਨਮੇ ਸੁਰਜੀਤ ਪਾਤਰ ਦਾ ਨਾਮ ਪੱਤੜ ਦੇ ਪਿੰਡ ਤੋਂ ਹੀ ਨਾਲ ਜੁੜਿਆ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਪੰਜਾਬੀ ਸਾਹਿਤ ਨਾਲ ਜੁੜੀ ਪੰਜਾਬੀ ਜਗਤ ਦੀ ਵੱਡੀ ਸ਼ਖਸ਼ੀਅਤ ਸੁਰਜੀਤ ਪਾਤਰ ਨੇ ਪੰਜਾਬੀ ਮਾਂ ਬੋਲੀ ਦੀ ਸਾਰੀ ਉਮਰ ਸੇਵਾ ਕੀਤੀ । ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਸੁਰਜੀਤ ਪਾਤਰ ਦੇ ਅਕਾਲ ਚਲਾਣਾ ਹੋ ਜਾਣ ਨਾਲ ਜਿੱਥੇ ਪੰਜਾਬੀ ਜਗਤ ਨੂੰ ਵੱਡਾ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਹੀ ਉਹ ਆਪਣੀਆਂ ਵਡਮੁੂਲੀਆਂ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਲੀਆਂ ਆਪਣੀਆਂ ਲਿਖਤਾਂ ਦੇ ਜਰੀਏ ਸਦਾ ਪੰਜਾਬੀ ਜਗਤ ਵਿੱਚ ਜਿਉਂਦਾ ਰਹਿਣਗੇ।