ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫਾ
17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫ਼ਾਰਿਸ਼
ਚੰਡੀਗੜ੍ਹ, 5ਜੂਨ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਦੁਪਹਿਰ 2 ਵਜੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਮੋਦੀ ਕੈਬਨਿਟ ਦੀ ਆਖਰੀ ਬੈਠਕ ਸਵੇਰੇ 11.30 ਵਜੇ ਹੋਈ। ਇਸ ਵਿੱਚ ਸਰਕਾਰ ਨੇ ਤੀਜੀ ਵਾਰ ਜਿੱਤ ਲਈ ਧੰਨਵਾਦ ਮਤਾ ਪਾਸ ਕੀਤਾ। ਮੀਟਿੰਗ ਵਿੱਚ 17ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫ਼ਾਰਿਸ਼ ਕੀਤੀ ਗਈ। ਇਸ ਤੋਂ ਬਾਅਦ ਮੋਦੀ ਨੇ ਰਾਸ਼ਟਰਪਤੀ ਭਵਨ ਜਾ ਕੇ ਆਪਣਾ ਅਸਤੀਫਾ ਸੌਂਪ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਮੋਦੀ 8 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਜੇਡੀਯੂ ਦੇ ਬੁਲਾਰੇ ਕੇਸੀ ਤਿਆਗੀ ਨੇ ਕਿਹਾ ਕਿ 7 ਜੂਨ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਐਨਡੀਏ ਦੇ ਸਾਰੇ ਸੰਸਦ ਮੈਂਬਰਾਂ ਦੀ ਮੀਟਿੰਗ ਹੋਵੇਗੀ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ 240 ਸੀਟਾਂ ਮਿਲੀਆਂ ਹਨ। ਇਹ ਬਹੁਮਤ ਅੰਕੜੇ (272) ਤੋਂ 32 ਸੀਟਾਂ ਘੱਟ ਹੈ। ਹਾਲਾਂਕਿ ਐਨਡੀਏ ਨੇ 292 ਸੀਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ।