ਚੰਡੀਗੜ੍ਹ,25 ਜੁਲਾਈ : ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਸੰਬੋਧਨ ‘ਮਨ ਕੀ ਬਾਤ’ ਵਿੱਚ ਚੰਡੀਗੜ੍ਹ ਦੇ ਉਸ ਫੂਡ–ਸਟਾਲ ਮਾਲਕ ਦੀ ਸ਼ਲਾਘਾ ਕੀਤੀ, ਜਿਸ ਨੇ ਲੋਕਾਂ ਨੂੰ ਕੋਵਿਡ–19 ਦੇ ਟੀਕਾਕਰਣ ਲਈ ਹੋਰਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਆਪਣੇ–ਆਪ ਹੀ ਇੱਕ ਪਹਿਲਕਦਮੀ ਕੀਤੀ ਸੀ। ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੂਡ ਸਟਾਲ ਦੇ ਮਾਲਕ ਸੰਜੈ ਰਾਣਾ ਨੇ ਆਪਣੀ ਬੇਟੀ ਅਤੇ ਭਤੀਜੀ ਦੀ ਸਲਾਹ ’ਤੇ ਕੋਵਿਡ–19 ਵੈਕਸੀਨ ਲਗਵਾ ਚੁੱਕੇ ਲੋਕਾਂ ਨੂੰ ਮੁਫ਼ਤ ਛੋਲੇ–ਭਟੂਰੇ ਦੇਣੇ ਸ਼ੁਰੂ ਕਰ ਦਿੱਤੇ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੰਜੈ ਰਾਣਾ ਸੈਕਟਰ–29 ’ਚ ਇੱਕ ਸਾਇਕਲ ਉੱਤੇ ਛੋਲੇ–ਭਟੂਰੇ ਵੇਚਦੇ ਹਨ। ਉਨ੍ਹਾਂ ਕੋਲੋਂ ਮੁਫ਼ਤ ਖਾਣਾ ਖਾਣ ਲਈ ਵਿਅਕਤੀ ਨੂੰ ਇਹ ਸਬੂਤ ਦਿਖਾਉਣਾ ਪੈਂਦਾ ਹੈ ਕਿ ਉਸ ਨੇ ਅੱਜ ਹੀ ਵੈਕਸੀਨ ਲਗਵਾਈ ਹੈ। ਉਨ੍ਹਾਂ ਨੇ ਅਜਿਹੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹਾ ਕਾਰਜ ਇਹ ਸਿੱਧ ਕਰਦਾ ਹੈ ਕਿ ਸਮਾਜ ਦੀ ਭਲਾਈ ਲਈ ਧਨ ਨਹੀਂ, ਬਲਕਿ ਸੇਵਾ ਤੇ ਡਿਊਟੀ ਨਿਭਾਉਣ ਦੀ ਭਾਵਨਾ ਦੀ ਲੋੜ ਹੁੰਦੀ ਹੈ।