ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਫ਼ਿਰੋਜਪੁਰ ਰੈਲੀ- ਕਰੋੜਾਂ ਰੁਪਏ ਦੇ ਇਹਨਾਂ ਪ੍ਰਾਜੈਕਟਾਂ ਦੀ ਕਰਨਗੇ ਸ਼ੁਰੂਆਤ
ਚੰਡੀਗੜ੍ਹ,5 ਜਨਵਰੀ(ਵਿਸ਼ਵ ਵਾਰਤਾ)- ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣ ਤੱਕ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਕੋਈ ਵੀ ਵੱਡੀ ਰੈਲੀ ਨਹੀਂ ਹੋਈ ਹੈ। ਭਾਜਪਾ ਲੀਡਰਾਂ ਨੂੰ ਕਿਸਾਨਾਂ ਦੇ ਗੁੱਸੇ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਸੀ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਵਿਖੇ ਇੱਕ ਵੱਡੀ ਰੈਲੀ ਕਰ ਰਹੇ ਹਨ। ਇਸ ਮੌਕੇ ਉਹਨਾਂ ਵੱਲੋਂ ਪੰਜਾਬ ਭਰ ਵਿੱਚ ਕੁੱਲ ਵਿੱਚ 42,750 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ।
ਇਹਨਾਂ ਪ੍ਰਾਜੈਕਟਾਂ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦਾ ਉਦਘਾਟਨ, ਅੰਮ੍ਰਿਤਸਰ – ਊਨਾ ਸੈਕਸ਼ਨ ਨੂੰ ਚਹੁੰ ਮਾਰਗੀ ਕਰਨਾ, ਮੁਕੇਰੀਆਂ – ਤਲਵਾੜਾ ਨਵੀਂ ਬਰਾਡ ਗੇਜ ਰੇਲਵੇ ਲਾਈਨ ਫਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਅਤੇ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਦੋ ਨਵੇਂ ਮੈਡੀਕਲ ਕਾਲਜਾਂ ਦਾ ਨੀਂਹ ਪੱਥਰ ਰੱਖਣਾ ਸ਼ਾਮਿਲ ਹੈ।
ਪ੍ਰਧਾਨ ਮੰਤਰੀ ਦਫਤਰ ਦੇ ਅਨੁਸਾਰ, 669-ਕਿਲੋਮੀਟਰ ਲੰਬੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨੂੰ ਲਗਭਗ 39,500 ਕਰੋੜ ਦੀ ਕੁੱਲ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਇਹ ਦਿੱਲੀ ਤੋਂ ਅੰਮ੍ਰਿਤਸਰ ਅਤੇ ਦਿੱਲੀ ਤੋਂ ਕਟੜਾ ਦਾ ਸਫਰ ਸਮਾਂ ਅੱਧਾ ਕਰ ਦੇਵੇਗਾ। ਇਸ ਦੇ ਨਾਲ ਹੀ ਗ੍ਰੀਨਫੀਲਡ ਐਕਸਪ੍ਰੈਸਵੇਅ ਮੁੱਖ ਸਿੱਖ ਧਾਰਮਿਕ ਸਥਾਨਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਅਤੇ ਕਟੜਾ ਵਿੱਚ ਵੈਸ਼ਨੋ ਦੇਵੀ ਦੇ ਪਵਿੱਤਰ ਹਿੰਦੂ ਅਸਥਾਨ ਨੂੰ ਜੋੜੇਗਾ। ਇਹ ਐਕਸਪ੍ਰੈਸਵੇਅ ਮੁੱਖ ਆਰਥਿਕ ਕੇਂਦਰਾਂ ਜਿਵੇਂ ਅੰਬਾਲਾ ਚੰਡੀਗੜ੍ਹ, ਮੋਹਾਲੀ, ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਕਠੂਆ ਅਤੇ ਸਾਂਬਾ ਹਰਿਆਣਾ, ਚੰਡੀਗੜ੍ਹ, ਪੰਜਾਬ ਅਤੇ ਜੰਮੂ ਅਤੇ ਕਸ਼ਮੀਰ ਦੇ ਤਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਜੋੜੇਗਾ। ਉੱਥੇ ਹੀ ਅੰਮ੍ਰਿਤਸਰ-ਊਨਾ ਸੈਕਸ਼ਨ ਨੂੰ ਚਹੁੰ-ਮਾਰਗੀ ਕਰਨ ਦਾ ਕੰਮ ਲਗਭਗ 1700 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੁਕੇਰੀਆਂ ਅਤੇ ਤਲਵਾੜਾ ਵਿਚਕਾਰ ਇੱਕ ਨਵੀਂ ਬਰਾਡ ਗੇਜ ਰੇਲਵੇ ਲਾਈਨ ਦਾ ਨੀਂਹ ਪੱਥਰ ਵੀ ਰੱਖਣਗੇ।
ਪ੍ਰਧਾਨ ਮੰਤਰੀ ਵੱਲੋਂ ਫਿਰੋਜ਼ਪੁਰ ਵਿਖੇ 100 ਬਿਸਤਰਿਆਂ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਜਿਸ ਨੂੰ ਕਿ 490 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ,ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਸੈਟੇਲਾਈਟ ਸੈਂਟਰ ਫਿਰੋਜ਼ਪੁਰ ਅਤੇ ਨੇੜਲੇ ਖੇਤਰਾਂ ਵਿੱਚ ਵਿਸ਼ਵ ਪੱਧਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰੇਗਾ।
ਇਸ ਸਭ ਤੋਂ ਇਲਾਵਾ ਇਹਨਾਂ ਪ੍ਰਜਾਕੈਟਾਂ ਵਿੱਚ ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਲਗਭਗ 325 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਜਾਣ ਵਾਲੇ 100 ਸੀਟਾਂ ਦੇ ਮੈਡੀਕਲ ਕਾਲਜ ਵੀ ਸ਼ਾਮਿਲ ਹਨ।