ਵਿਸ਼ਵ ਵਾਰਤਾ ਦੀ ਵਿਸ਼ੇਸ਼ ਰਿਪੋਰਟ
ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦੀ ਚੰਡੀਗੜ ਦੀ ਪਹਿਲੀ ਫੇਰੀ ਨੇ ਖੜੇ ਕੀਤੇ ਕਈ ਸਵਾਲ
ਕਾਂਗਰਸੀ ਲੀਡਰਾਂ ਦੀ ਆਪਸੀ ਖਿੱਚੋਤਾਣ ਖਤਮ ਹੋਣ ਦੀ ਥਾਂ ਦਿਖਾਈ ਦੇ ਰਹੀ ਹੈ ਵਧਦੀ
ਨਵਜੋਤ ਸਿੱਧੂ ਨੇ ਘਰ ਘਰ ਜਾ ਕੇ ਵਧਾਈਆਂ ਲੈਣ ਦੀ ਪਾਈ ਨਵੀਂ ਪਿਰਤ
ਪੰਜਾਬ ਦੇ ਪਾਰਲੀਮੈਂਟ ਮੈਂਬਰਾਂ,ਜਿਆਦਾਤਰ ਵਿਧਾਇਕਾ ਤੇ ਮੰਤਰੀਆਂ ਨੇ ਨਹੀਂ ਕੀਤਾ ਖੁਸ਼ੀ ਦਾ ਪ੍ਰਗਟਾਵਾ
ਕੀ ਸਿੱਧੂ ਉਠਾਏ ਗਏ ਮੁੱਦਿਆਂ ਦਾ ਹੱਲ ਕਰਵਾ ਸਕਣਗੇ-ਉੱਠ ਰਹੇ ਨੇ ਸਵਾਲ
ਕਾਂਗਰਸ ਵਿੱਚ ਬਣਨ ਲੱਗੀਆਂ ਨਵੀਂਆਂ ਸਫਬੰਦੀਆਂ
ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਵਿਚਕਾਰ ਅੱਜ ਵੀ ਨਹੀਂ ਹੋਈ ਮੁਲਾਕਾਤ
ਦਵਿੰਦਰਜੀਤ ਸਿੰਘ ਦਰਸ਼ੀ ✍
ਚੰਡੀਗੜ੍ਹ,19 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਨਵੇਂ ਥਾਪੇ ਗਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਪਿਛਲੇ ਸਮੇਂ ਤੋਂ ਚੱਲ ਰਹੀ ਆਪਸੀ ਖਿੱਚੋਤਾਣ ਘਟਣ ਦੀ ਥਾਂ ਵਧਦੀ ਹੀ ਦਿਖਾਈ ਦੇ ਰਹੀ ਹੈ।ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਚੰਡੀਗੜ੍ਹ ਦੀ ਪਲੇਠੀ ਗੇੜੀ ਨੇ ਇਹ ਸਭ ਸਪਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਹਾਲਾਂ ਵੀ 36 ਦਾ ਆਂਕੜਾ ਬਰਕਰਾਰ ਹੈ। ਜਿੱਥੇ ਨਵਜੋਤ ਸਿੰਘ ਸਿੱਧੂ ਨੇ ਕੁਝ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਅੱਜ ਆਪਣੀ ਸਰਕਾਰੀ ਰਿਹਾਇਸ਼ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਅਤੇ ਮੰਤਰੀਆਂ ਤੇ ਵਿਧਾਇਕਾਂ ਨਾਲ ਵੀ ਸਲਾਹ ਮਸ਼ਵਰੇ ਕੀਤੇ। ਪਰ ਦੋਨਾਂ ਨੇ ਹੀ ਆਪਸੀ ਮੁਲਾਕਾਤ ਦੇ ਕੋਈ ਸੰਕੇਤ ਨਹੀਂ ਦਿੱਤੇ।
ਆਪਣੀ ਚੰਡੀਗੜ੍ਹ ਫੇਰੀ ਦੌਰਾਨ ਸਿੱਧੂ ਨੇ ਕਾਂਗਰਸ ਦਫਤਰ ਵਿੱਚ ਬੈਠ ਕੇ ਵਧਾਈਆਂ ਲੈਣ ਦੀ ਥਾਂ ਮੰਤਰੀਆਂ ,ਵਿਧਾਇਕਾਂ ਤੇ ਹੋਰਨਾਂ ਲੀਡਰਾਂ ਦੇ ਘਰ ਘਰ ਜਾ ਕੇ ਵਧਾਈਆਂ ਲੈਣ ਦੀ ਨਵੀਂ ਪਿਰਤ ਪਾ ਦਿੱਤੀ ਹੈ।ਅਜਿਹਾ ਪੰਜਾਬ ਦੀ ਸਿਆਸਤ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਅੱਜ ਨਵਜੋਤ ਸਿੱਧੂ ਸਭ ਤੋਂ ਪਹਿਲਾਂ ਆਪਣੇ ਨਾਲ ਬਣਾਏ ਗਏ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੇ ਘਰ ਗਏ,ਉਸਤੋਂ ਬਾਅਦ ਆਪਣੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਸੁਨੀਲ ਜਾਖੜ, ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ,ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ,ਤ੍ਰਿਪਤ ਰਜਿੰਦਰ ਸਿੰਘ ਬਾਜਵਾ,ਬੀਬੀ ਰਜਿੰਦਰ ਕੌਰ ਭੱਠਲ਼,ਸਪੀਕਰ ਰਾਣਾ ਕੇਪੀ ਸਿੰਘ ਦੀ ਰਿਹਾਇਸ਼ ਤੇ ਵੀ ਵਧਾਈਆਂ ਲੈਣ ਪਹੁੰਚੇ। ਦਿਲਚਸਪ ਗੱਲ ਇਹ ਹੈ ਕਿ ਪਟਿਆਲਾ ਤੋਂ ਚੰਡੀਗੜ੍ਹ ਆਉਣ ਤੱਕ ਉਹਨਾਂ ਦੀ ਕਾਰ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਚਲਾ ਰਹੇ ਸਨ।
ਕਾਂਗਰਸੀ ਹਲਕਿਆਂ ਵਿੱਚ ਇਸ ਗੱਲ ਤੇ ਹੈਰਾਨੀ ਪ੍ਰਗਟਾਈ ਜਾ ਰਹੀ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਥਾਪੇ ਗਏ ਪੰਜਾਬ ਦੇ ਪ੍ਰਧਾਨ ਨੂੰ ਪੰਜਾਬ ਤੋਂ ਕਾਂਗਰਸ ਦੇ 11 ਵਿੱਚੋਂ 10 ਪਾਰਲੀਮੈਂਟ ਮੈਂਬਰਾਂ ਅਤੇ ਜਿਆਦਾਤਰ ਮੰਤਰੀਆਂ ਤੇ ਵਿਧਾਇਕਾਂ ਨੇ ਇਹ ਖਬਰ ਲਿਖਣ ਤੱਕ ਨਵੇਂ ਪ੍ਰਧਾਨ ਨੂੰ ਨਾ ਤਾਂ ਕੋਈ ਵਧਾਈ ਦਾ ਸੰਦੇਸ਼ ਭੇਜਿਆ ਹੈ ਤੇ ਨਾ ਹੀ ਕਿਸੇ ਨੇ ਇਸ ਸੰਬੰਧੀ ਕੋਈ ਟਵੀਟ ਕੀਤਾ ਹੈ। ਇਸਤੋਂ ਇਹ ਸਪਸ਼ਟ ਦਿਖਦਾ ਹੈ ਕਿ ਪੰਜਾਬ ਕਾਂਗਰਸ ਵਿੱਚ ਹਾਲਾਂ ਵੀ ਸਭ ਅੱਛਾ ਨਹੀਂ ਹੈ। ਜਿਆਦਾਤਰ ਸਿਆਸੀ ਵਿਸ਼ਲੇਸ਼ਕਾਂ ਦਾ ਇਹ ਕਹਿਣਾ ਹੈ ਕਿ ਹਾਈਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਨਜ਼ਰਅੰਦਾਜ ਕਰਨਾ ਪਾਰਟੀ ਲਈ ਭਾਰੀ ਨੁਕਸਾਨਦਾਇਕ ਸਾਬਿਤ ਹੋਵੇਗਾ। ਕਿਉਂਕਿ ਪੰਜਾਬ ਵਿੱਚ ਕਾਂਗਰਸ ਨੂੰ ਖੜੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਹਰ ਵਰਗ ਵਿੱਚ ਕਾਫੀ ਵੱਡਾ ਆਧਾਰ ਹੈ।ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੋਂ ਬਿਨਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਜਿਤਾਉਣਾ ਕਾਫੀ ਮੁਸ਼ਕਿਲ ਹੈ। ਵਿਸ਼ਲੇਸ਼ਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਦੋਨਾਂ ਲੀਡਰਾਂ ਵਿੱਚ ਆਪਸੀ ਸਹਿਮਤੀ ਨਹੀਂ ਹੁੰਦੀ ਤਾਂ ਕੀ ਨਵੇਂ ਬਣੇ ਪ੍ਰਧਾਨ ਆਪਣੇ ਵੱਲੋਂ ਉਠਾਏ ਜਾਂਦੇ ਰਹੇ ਮੁੱਦਿਆਂ ਨੂੰ ਹੱਲ ਕਰਵਾਉਣ ਵਿੱਚ ਸਫਲ ਹੋ ਸਕਣਗੇ।
ਪੰਜਾਬ ਕਾਂਗਰਸ ਦੀ ਚੱਲ ਰਹੀ ਇਸ ਖਿੱਚੋਤਾਣ ਦਾ ਪੰਜਾਬ ਉੱਤੇ ਕੀ ਅਸਰ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕਾਂਗਰਸ ਹਾਈਕਮਾਨ ਵੱਲੋਂ ਕੀਤੇ ਗਏ ਇਸ ਫੈਸਲੇ ਤੋਂ ਗੰਭੀਰ ਕਾਂਗਰਸੀਆਂ ਵਿਚਕਾਰ ਖੁਸ਼ੀ ਦੀ ਥਾਂ ਨਿਰਾਸ਼ਤਾ ਵੱਧ ਦਿਖਾਈ ਦੇਣ ਲੱਗੀ ਹੈ ਕਿਉਂਕਿ ਦੋਨਾਂ ਧਿਰਾਂ ਨੇ ਆਪਸੀ ਸੁਲ੍ਹਾ ਦੀ ਥਾਂ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।