ਰੇਟ ਨਾ ਘਟਾਏ ਤਾਂ ਦੇਸ਼ ਪੱਧਰੀ ਅੰਦੋਲਨ ਕਰਾਗੇ ਸ਼ੁਰੂ
ਬੁਢਲਾਡਾ 30 ਜੂਨ( ਵਿਸ਼ਵ ਵਾਰਤਾ): ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਜਾ ਰਹੇ ਬੇਹਤਾਸ਼ਾ ਵਾਧੇ ਦੇ ਖ਼ਿਲਾਫ਼ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਸਥਾਨਕ ਰਿਲਾਇੰਸ ਪੰਪ ਦੇ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਇੱਕ ਪਾਸੇ ਤਾਂ ਲੋਕ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਹਨ ਅਤੇ ਦੂਸਰੇ ਪਾਸੇ ਕੇਂਦਰ ਸਰਕਾਰ ਵੱਲੋਂ ਦਿਨੋਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਅਤੇ ਲੋਕ ਮਾਰੂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਵੱਲੋਂ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਸਸਤੀਆਂ ਕੀਮਤ ਦੇ ਬਾਵਜੂਦ ਅੰਨ੍ਹੀ ਲੁੱਟ ਮਚਾ ਰੱਖੀ ਹੈ ਜਿਸ ਕਾਰਨ ਖੇਤੀਬਾੜੀ ਵਿੱਚ ਵਰਤੋ ਹੋਣ ਵਾਲੇ ਡੀਜ਼ਲ ਦਾ ਖਰਚਾ ਵਧੇਗਾ ਅਤੇ ਕਿਸਾਨਾਂ ਦੀ ਆਰਥਿਕਤਾ ਤੇ ਮਾੜਾ ਅਸਰ ਪਵੇਗਾ। ਉਹਨਾ ਕਿਹਾ ਕਿ ਕਿਸਾਨ ਪਹਿਲਾਂ ਤੋਂ ਹੀ ਕਰਜ਼ੇ ਦੀ ਪੰਡ ਹੇਠਾਂ ਦਬੇ ਹੋਏ ਹਨ ਅਤੇ ਹੁਣ ਕਰਜ਼ੇ ਦਾ ਹੋਰ ਭਾਰ ਵਧੇਗਾ। ਉਨ੍ਹਾਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਛੋਟੇ ਟਰਾਂਸਪੋਰਟਰਾਂ ਵੀ ਆਰਥਿਕ ਪੱਖੋਂ ਕਮਜ਼ੋਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਧਣ ਨਾਲ ਹਰ ਵਰਗ ਤੇ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਜੋ ਆਰਡੀਨੈਂਸ ਜਾਰੀ ਕੀਤਾ ਜਾ ਰਿਹਾ ਹੈ। ਉਸ ਨਾਲ ਖੇਤੀ ਪੈਦਾਵਾਰ ਫਸਲਾਂ ਨੂੰ ਕਾਰਪੋਰੇਟ ਘਰਾਣੇ ਮੰਡੀਆਂ ਵਿੱਚ ਘੱਟ ਰੇਟ ਤੇ ਖਰੀਦ ਕੇ ਸਟੋਰਾਂ ਵਿੱਚ ਜਮ੍ਹਾਂ ਕਰਨਗੇ ਅਤੇ ਬਾਅਦ ਵਿੱਚ ਆਪਣੀ ਮਨਮਰਜ਼ੀ ਦੇ ਰੇਟਾਂ ਤੇ ਖਪਤਕਾਰਾਂ ਨੂੰ ਵੇਚਣਗੇ ਜਿਸ ਨਾਲ ਲੋਕਾਂ ਦੀ ਲੁੱਟ ਵਧੇਗੀ। ਉਹਨਾ ਕਿਹਾ ਕਿ ਜ਼ਰੂਰੀ ਵਸਤਾਂ ਦੇ ਐਕਟ ਵਿੱਚ ਸੋਧ ਕਰਨ ਨੂੰ ਖਪਤਕਾਰੀ ਵਸਤਾਂ ਤੇ ਵੀ ਪ੍ਰਾਈਵੇਟ ਵਪਾਰੀਆਂ ਦਾ ਕਬਜ਼ਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਲੋਕ ਮਾਰੂ ਅਤੇ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਭਰਾਤਰੀ ਜਥੇਬੰਦੀਆਂ ਸੰਘਰਸ਼ ਕਰਨਗੀਆਂ ਅਤੇ ਦੇਸ਼ ਪੱਧਰੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੋਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ, ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ, ਬਲਾਕ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਸਵਰਨ ਸਿੰਘ, ਬਿੱਕਰ ਸਿੰਘ, ਲਾਭ ਸਿੰਘ ਕੂਲਹੇਰੀ, ਬਲਕਰਨ ਸਿੰਘ ਬੱਲੀ ਐਡਵੋਕੇਟ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ, ਧੰਨਾ ਸਿੰਘ ਟਾਹਲੀਆਂ, ਬੁੱਧ ਸਿੰਘ, ਜਸਵੰਤ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਭੁਪਿੰਦਰ ਸਿੰਘ ਗੁਰਨੇ ਕਲਾਂ ਜ਼ਿਲ੍ਹਾ ਸਕੱਤਰ, ਸੁਖਦੇਵ ਸਿੰਘ ਬੋੜਾਵਾਲ, ਗੁਰਦਾਸ ਸਿੰਘ ਟਾਹਲੀਆਂ ਆਦਿ ਹਾਜ਼ਰ ਸਨ।