ਪੇਸ਼ੀ ਲਈ ਲਿਆਂਦੇ ਦੋ ਮੁਲਜ਼ਮ ਹੱਥਕੜੀਆਂ ਛੁਡਾ ਕੇ ਹੋਏ ਫਰਾਰ, ਇੱਕ ਨੂੰ ਕੀਤਾ ਗਿਆ ਕਾਬੂ
ਦੂਜਾ ਨਿਕਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ
ਚੰਡੀਗੜ੍ਹ 3 ਦਸੰਬਰ(ਵਿਸ਼ਵ ਵਾਰਤਾ) – ਬੀਤੇ ਕੱਲ੍ਹ ਅੰਮ੍ਰਿਤਸਰ ਦੀ ਅਦਾਲਤ ‘ਚ ਪੇਸ਼ੀ ਲਈ ਲਿਆਂਦੇ ਗਏ ਦੋ ਅਪਰਾਧੀ ਪੁਲਸ ਦੀ ਗ੍ਰਿਫਤ ‘ਚੋਂ ਫ਼ਰਾਰ ਹੋ ਗਏ। ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅਦਾਲਤ ਦੇ ਬਾਹਰ ਆ ਕੇ ਇਕ ਦੋਸ਼ੀ ਸਾਹਿਲ ਨੂੰ ਕਾਬੂ ਕਰ ਲਿਆ ਗਿਆ ਜਦਕਿ ਉਸ ਦਾ ਦੂਜਾ ਸਾਥੀ ਨਿਤਿਨ ਨਾਹਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਿਸ ਇਸ ਮਾਮਲੇ ਨੂੰ ਦਬਾਉਂਦੀ ਰਹੀ, ਪਰ ਬਾਅਦ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਭਗੌੜਾ ਇੱਕ ਬਦਨਾਮ ਅਪਰਾਧੀ ਅਤੇ ਲਾਰੈਂਸ ਗਿਰੋਹ ਦਾ ਮੈਂਬਰ ਹੈ।ਪੰਜਾਬ ਦੇ ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਅਦਾਲਤ ਦੇ ਅਹਾਤੇ ਤੋਂ ਫਰਾਰ ਹੋਣ ਵਾਲਾ ਅੰਡਰ ਟਰਾਇਲ ਗੈਂਗਸਟਰ ਲਾਰੈਂਸ ਦਾ ਮੈਂਬਰ ਹੈ। ਫਿਲਹਾਲ ਪੁਲਸ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਦਾਲਤ ਦੀ ਚਾਰਦੀਵਾਰੀ ਤੋਂ ਫਰਾਰ ਹੋਇਆ ਮੁਲਜ਼ਮ ਨਿਤਿਨ ਨਾਹਰ ਕੋਈ ਹੋਰ ਨਹੀਂ ਸਗੋਂ ਲਾਰੈਂਸ ਦਾ ਹੀ ਸਾਥੀ ਹੈ। ਜਿਸ ਨੂੰ ਲਾਰੈਂਸ ਡਰਾਉਣ ਅਤੇ ਫਿਰੌਤੀ ਲਈ ਵਰਤਦਾ ਹੈ। ਅੰਮ੍ਰਿਤਸਰ ‘ਚ ਨਾਹਰ ਖਿਲਾਫ ਚੋਰੀ ਦੇ ਮਾਮਲੇ ਦਰਜ ਹਨ ਪਰ ਮੋਹਾਲੀ ‘ਚ ਵੀ ਲਾਰੈਂਸ ਦੇ ਇਸ਼ਾਰੇ ‘ਤੇ ਇਕ ਠੇਕੇਦਾਰ ‘ਤੇ ਗੋਲੀ ਚਲਾਉਣ ਦੀ ਸ਼ਿਕਾਇਤ ਹੈ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਪੁਲੀਸ ਨੇ ਢਿੱਲਮੱਠ ਵਾਲਾ ਰਵੱਈਆ ਅਪਣਾਇਆ। ਨਿਤਿਨ ਨੂੰ ਪੰਜਾਬ ਪੁਲਿਸ ਨੇ ਗੋਇੰਦਵਾਲ ਜੇਲ੍ਹ ਵਿੱਚ ਰੱਖਿਆ ਹੋਇਆ ਸੀ। ਉਸ ਖ਼ਿਲਾਫ਼ ਮੁਹਾਲੀ ਤੋਂ ਇਲਾਵਾ ਤਰਨਤਾਰਨ ਵਿੱਚ ਵੀ ਧਾਰਾ 307 ਤਹਿਤ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਹੈ। ਇੱਥੋਂ ਹੀ ਪੁਲੀਸ ਉਸ ਨੂੰ ਪੇਸ਼ੀ ਲਈ ਅੰਮ੍ਰਿਤਸਰ ਅਦਾਲਤ ਵਿੱਚ ਲੈ ਕੇ ਆਈ।