ਪੁਲਿਸ ਦੇ ਸ਼ਿਕੰਜੇ ਵਿੱਚ ਆ ਹੀ ਗਏ ਸਾਬਕਾ ਡੀਜੀਪੀ ਸੁਮੇਧ ਸੈਣੀ
ਸਾਢੇ ਚਾਰ ਸਾਲ ਤੋੋਂ ਆ ਰਹੇ ਸਨ ਬਚਦੇ ਗ੍ਰਿਫਤਾਰੀ ਤੋਂ
ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਦੀ ਹਵਾਲਾਤ ਵਿੱਚ ਹੀ ਗੁਜ਼ਾਰਨੀ ਪਈ ਰਾਤ
ਵਿਜੀਲੈਂਸ ਦੇ ਮੁੱਖੀ ਵੀ ਰਹੇ ਹਨ ਸੁਮੇਧ ਸੈਣੀ
ਵਿਜੀਲੈਂਸ ਦੇ ਅਧਿਕਾਰੀ ਰਾਤ ਤੋਂ ਹੀ ਕਰਦੇ ਰਹੇ ਆਪਣੇ ਸਾਬਕਾ ਮੁੱਖੀ ਤੋਂ ਪੁੱਛਗਿੱਛ
ਵਿਜੀਲੈਂਸ ਦੁਪਹਿਰ ਬਾਅਦ ਕਰੇਗੀ ਅਦਾਲਤ ਵਿੱਚ ਪੇਸ਼,ਮੰਗੇਗੀ ਪੁਲਿਸ ਰਿਮਾਂਡ
ਆਮ ਲੋਕਾਂ ਤੋਂ ਇਲਾਵਾ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਵੀ ਵਿਜੀਲੈਂਸ ਦੇ ਅਧਿਕਾਰੀਆਂ ਦੇ ਹੌੰਸਲੇ ਦੀ ਹੋ ਰਹੀ ਹੈ ਪ੍ਰਸ਼ੰਸਾ
ਚੰਡੀਗੜ੍ਹ,19 ਅਗਸਤ(ਦਵਿੰਦਰਜੀਤ ਸਿੰਘ ਦਰਸ਼ੀ/ਵਿਸ਼ਵ ਵਾਰਤਾ) ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਜਿਹੜੇ ਕਿ ਆਪਣੀ ਪੂਰੀ ਨੌਕਰੀ ਦੌਰਾਨ ਪੰਜਾਬੀਆਂ ਉੱਤੇ ਅੰਨ੍ਹੇਵਾਹ ਤਸ਼ੱਦਦ ਕਰਨ ਕਰਕੇ ਅਨੇਕਾਂ ਵਿਵਾਦਾਂ ਵਿੱਚ ਘਿਰੇ ਹੋਣ ਦੇ ਬਾਵਜੂਦ ਪੁਲਸ ਦੇ ਸ਼ਿਕੰਜੇ ਤੋਂ ਬਚਦੇ ਆ ਰਹੇ ਸਨ,ਕੱਲ੍ਹ ਆਖਰਕਾਰ ਪੰਜਾਬ ਵਿਜੀਲੈਂਸ ਬਿਓਰੋ ਦੇ ਅੜਿੱਕੇ ਆ ਗਏ।ਜਦੋਂ ਉਹ ਅਦਾਲਤ ਦੇ ਹੁਕਮਾਂ ਤੇ ਉਹਨਾਂ ਵਿਰੁੱਧ ਵਿਜੀਲੈਂਸ ਵੱਲੋਂ ਬਣਾਏ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿੱਚ ਹੋ ਰਹੀ ਜਾਂਚ ਦੇ ਵਿੱਚ ਸ਼ਾਮਿਲ ਹੋਣ ਲਈ ਵਿਜੀਲੈਂਸ ਭਵਨ ਪਹੁੰਚੇ। ਜਿਸ ਤਰ੍ਹਾਂ ਕਿ ਖੁਦ ਸੁਮੇਧ ਸੈਣੀ ਆਪਣੇ ਵਿਰੋਧੀਆਂ ਦੇ ਖਿਲਾਫ ਬੜੀ ਚਲਾਕੀ ਨਾਲ ਕੇਸ ਦਰਜ ਕਰਦੇ ਰਹੇ ਸਨ,ਉਹੀ ਫਾਰਮੂਲਾ ਵਿਜੀਲੈਂਸ ਅਧਿਕਾਰੀਆਂ ਨੇ ਆਪਣੇ ਸਾਬਕਾ ਮੁਖੀ ਤੇ ਵੀ ਲਾਗੂ ਕਰ ਦਿੱਤਾ। ਵਿਜੀਲੈਂਸ ਅਧਿਕਾਰੀਆਂ ਨੇ 11 ਨੰਬਰ ਐਫਆਈਆਰ ਜੋ ਕਿ ਮੋਹਾਲੀ ਦੇ ਨਾਲ ਲੱਗਦੇ ਕਸਬਾ ਕੁਰਾਲੀ ਦੇ ਇੱਕ ਜ਼ਮੀਨ ਘੋਟਾਲੇ ਨਾਲ ਸੰਬੰਧਿਤ ਹੈ ,ਵਿੱਚ ਸੁਮੇਧ ਸੈਣੀ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ। ਜਦੋਂਕਿ ਐਫਆਈਆਰ ਦਰਜ ਕਰਨ ਵੇਲੇ ਪਹਿਲਾਂ ਉਸਦੇ ਨਾਮ ਦਾ ਕੋਈ ਜਿਕਰ ਨਹੀਂ ਕੀਤਾ ਗਿਆ ਸੀ।
ਇਹ ਚਰਚਿਤ ਅਧਿਕਾਰੀ ਪਿਛਲੇ ਕਾਂਗਰਸ ਰਾਜ ਦੇ ਸਾਢੇ ਚਾਰ ਸਾਲਾਂ ਤੋਂ ਪੁਲਿਸ ਗ੍ਰਿਫਤਾਰੀ ਤੋਂ ਬਾਰ ਬਾਰ ਬਚਦਾ ਆ ਰਿਹਾ ਸੀ। ਇਸ ਖਿਲਾਫ਼ ਸਭ ਤੋਂ ਪਹਿਲਾਂ ਨੌਕਰੀ ਦੌਰਾਨ ਹੀ ਆਪਣੇ ਤਿੰਨ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਅਗਵਾ ਕਰਕੇ ਤੇ ਉਹਨਾਂ ਦੇ ਵਹੀਕਲ ਸਮੇਤ ਹੀ ਉਹਨਾਂ ਨੂੰ ਖਤਮ ਕਰਨ ਦੇ ਦੋਸ਼ ਲੱਗੇ ਸਨ। ਸੀਬੀਆਈ ਨੇ ਵੀ ਉਸ ਕੇਸ ਵਿੱਚ ਇਸਨੂੰ ਦੋਸ਼ੀ ਠਹਿਰਾਇਆ ਸੀ , ਦੇ ਕੇਸ ਤੋਂ ਇਲਾਵਾ ਪੰਜਾਬ ਦੇ ਇੱਕ ਆਈਏਐਸ ਦੇ ਲੜਕੇ ਨੂੰ ਵੀ ਗੈਰਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਤੇ ਅਣਮਨੁੱਖੀ ਤਸ਼ੱਦਦ ਕਰਕੇ ਮਾਰਨ ਦੇ ਦੋਸ਼ ਅਧੀਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਫੇਰ ਤੋਂ ਕੇਸ ਦਰਜ ਕੀਤਾ ਗਿਆ, ਜਿਸ ਵਿੱਚ ਇਸਨੇ ਸੁਪਰੀਮ ਕੋੋਰਟ ਤੋਂ ਹੀ ‘ਬਲੈਂਕਿਟ ਬੇਲ’ ਲਈ ਹੋਈ ਹੈ, ਤੋਂ ਇਲਾਵਾ ਕੈਪਟਨ ਸਰਕਾਰ ਦੌਰਾਨ ਹੀ ਚਾਰ ਹੋਰ ਕੇਸ ਜਿਨ੍ਹਾਂ ਵਿੱਚ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋੋਈ ਬੇਅਦਬੀ ਤੋਂ ਬਾਅਦ ਸ਼ਾਂਤਮਈ ਰੋਸ ਪ੍ਰਗਟ ਕਰ ਰਹੀਆਂ ਸੰਗਤਾਂ ਉੱਤੇ ਲਾਠੀਚਾਰਜ ਅਤੇ ਗੋਲੀਆਂ ਚਲਵਾਉਣ ਦੇ ਦੋਸ਼ਾਂ ਅਧੀਨ ਕੋਟਕਪੂਰਾ ਅਤੇ ਬਰਗਾੜੀ ਗੋਲੀਕਾਂਡ ਵਾਲੇ ਕੇਸਾਂ ਵਿੱਚ ਵੀ ਦੋਸ਼ੀ ਪਾਏ ਜਾਣ ਦੇ ਬਾਵਜੂਦ ਜ਼ਮਾਨਤਾਂ ਕਰਵਾ ਕੇ ਪੁਲਿਸ ਦੇ ਸ਼ਿਕੰਜੇ ਤੋਂ ਬਚਦੇ ਚਲਦੇ ਆ ਰਹੇ ਸਨ।
ਚਰਚਿਤ ਸਿੰਘ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਦੇ ਲਗਭਗ ਹਰ ਵਰਗ ਇੱਥੋਂ ਤੱਕ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਕੋਈ ਖੁੱਲ ਕੇ ਤੇ ਕਈ ਦਬੀ ਜ਼ੁਬਾਨ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਵਿਜ਼ੀਲੈਂਸ ਦੀ ਸ਼ਲਾਘਾ ਕਰ ਰਹੇ ਹਨ। ਵਿਸ਼ਵ ਵਾਰਤਾ ਵੱਲੋਂ ਸਮਾਜ ਦੇ ਵੱਖ ਵੱਖ ਵਰਗਾਂ ਦੇ ਆਗੂਆਂ ਨਾਲ ਕੀਤੀ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਤੋਂ ਹਰ ਵਰਗ ਖੁਸ਼ ਹੀ ਨਜ਼ਰ ਆ ਰਿਹਾ ਹੈ ਅਤੇ ਉਹ ਸਰਕਾਰ ਤੋਂ ਇਹ ਮੰਗ ਕਰ ਰਿਹਾ ਹੈ ਕਿ ਹੁਣ ਸੁਮੇਧ ਸੈਣੀ ਵੱਲੋਂ ਕੀਤੇ ਗੁਨਾਹਾਂ ਦਾ ਖੁਲਾਸਾ ਕਰਕੇ ਸੈਣੀ ਨੂੰ ਮਿਸਾਲੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਵਰਦੀਧਾਰੀ ਅਧਿਕਾਰੀ ਕਾਨੂੰਨ ਦੀ ਗਲਤ ਵਰਤੋਂ ਕਰਕੇ ਬੇਦੋਸ਼ੇ ਲੋਕਾਂ ਉੱਤੇ ਅੱਤਿਆਚਾਰ ਕਰਨ ਤੋਂ ਡਰ ਖਾਵੇ।